ਪਟਿਆਲਾ, 1 ਨਵੰਬਰ (ਅ.ਸ. ਆਹਲੂਵਾਲੀਆ)-ਪੰਜਾਬ ਸਰਕਾਰ ਦੀ ਰਹਿਨੁਮਾਈ 'ਚ ਭਾਸ਼ਾ ਵਿਭਾਗ ਪੰਜਾਬ ਵਲੋਂ ਪੰਜਾਬ ਦਿਵਸ ਮੌਕੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ 'ਚ ਮਹੀਨਾ ਭਰ ਚੱਲਣ ਵਾਲੇ ਸਾਹਿਤਕ ਤੇ ਸੱਭਿਆਚਾਰਕ ਸਮਾਗਮਾਂ ਦਾ ਆਗਾਜ਼ ਹੋ ਗਿਆ ਹੈ | ਇਸ ਮੌਕੇ ਹਫ਼ਤਾ ਭਰ ਚੱਲਣ ਵਾਲੇ ਪੁਸਤਕ ਮੇਲੇ ਦਾ ਉਦਘਾਟਨ ਕੀਤਾ | ਇਸ ਉਪਰੰਤ ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਦੇ ਕਾਲੀਦਾਸ ਆਡੀਟੋਰੀਅਮ 'ਚ ਕਰਵਾਏ ਗਏ ਉਦਘਾਟਨੀ ਸਮਾਗਮ ਦੀ ਪ੍ਰਧਾਨਗੀ ਉੱਘੇ ਅਰਥ ਸ਼ਾਸ਼ਤਰੀ ਡਾ. ਸਰਦਾਰਾ ਸਿੰਘ ਜੌਹਲ ਨੇ ਕੀਤੀ ਉਨ੍ਹਾਂ ਵਿਭਾਗ ਦਾ ਝੰਡਾ ਫਹਿਰਾ ਕੇ ਸਮਾਗਮ ਦੀ ਆਰੰਭਤਾ ਕੀਤੀ | ਇਸ ਮੌਕੇ ਸਰਵੋਤਮ ਪੰਜਾਬੀ ਪੁਸਤਕ ਪੁਰਸਕਾਰ ਵੀ ਪ੍ਰਦਾਨ ਕੀਤੇ ਗਏ | ਗਾਇਕ ਮਨਰਾਜ ਪਾਤਰ ਨੇ ਆਪਣੀ ਸਾਹਿਤਕ ਗਾਇਕੀ ਨਾਲ ਸਮਾਗਮ ਵਿੱਚ ਪਹੁੰਚੇ ਸਰੋਤਿਆਂ ਨੂੰ ਕੀਲਿਆ | ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਆਪਣੇ ਸੰਬੋਧਨ 'ਚ ਵਿਭਾਗ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਵਿਭਾਗ ਵਲੋਂ ਵੱਡੇ ਪੱਧਰ 'ਤੇ ਸਾਹਿਤਕ ਤੇ ਗਿਆਨਵਰਧਕ ਖਜ਼ਾਨੇ ਨੂੰ ਡਿਜੀਟਲ ਰੂਪ 'ਚ ਤਿਆਰ ਕੀਤਾ ਜਾ ਰਿਹਾ ਹੈ ਜਿਸ ਨਾਲ ਸਾਡਾ ਸਾਹਿਤ ਦੁਨੀਆ ਦੇ ਹਰ ਕੋਨੇ 'ਚ ਬੈਠਾ ਪਾਠਕ ਪੜ੍ਹ ਸਕੇਗਾ | ਵਿਭਾਗ ਦੀ ਵੈੱਬਸਾਈਟ 'ਤੇ ਸ਼ਬਦਾਵਾਲੀਆਂ, ਪੰਜਾਬੀ ਤੇ ਵਿਸ਼ਵ ਦਾ ਕਲਾਸਿਕ ਸਾਹਿਤ ਉਪਲੱਬਧ ਕਰਵਾਇਆ ਜਾ ਰਿਹਾ ਹੈ | ਵਿਭਾਗੀ ਮੁਸ਼ਕਲਾਂ ਸੰਬੰਧੀ ਨਿੱਗਰ ਯਤਨ ਕੀਤੇ ਜਾ ਰਹੇ ਹਨ | ਉਨ੍ਹਾਂ ਮੁਤਾਬਕ ਭਾਸ਼ਾਵਾਂ ਦੇ ਵਿਕਾਸ ਬਾਰੇ ਸਾਨੂੰ ਭਾਸ਼ਾ ਪ੍ਰਤੀ ਕੱਟੜ ਹੋਣ ਦੀ ਬਜਾਏ ਇਸ ਨੂੰ ਪਿਆਰ ਕਰਨਾ ਚਾਹੀਦਾ ਹੈ ਜਿਸ ਨਾਲ ਭਾਸ਼ਾ ਦਾ ਵਧੇਰੇ ਪਸਾਰ ਹੁੰਦਾ ਹੈ | ਇਸ ਕਾਰਜ ਲਈ ਭਾਸ਼ਾ ਬੋਲਣ, ਲਿਖਣ ਤੇ ਪੜ੍ਹਨ ਵਾਲਾ ਹਰ ਵਿਅਕਤੀ ਯੋਗਦਾਨ ਪਾ ਸਕਦਾ ਹੈ | ਸਾਨੂੰ ਆਪਣੀ ਭਾਸ਼ਾ 'ਤੇ ਮਾਣ ਕਰਨਾ ਚਾਹੀਦਾ ਹੈ ਨਾ ਕਿ ਕਿਸੇ ਹੋਰ ਭਾਸ਼ਾ ਦੀ ਵਿਰੋਧਤਾ ਕਰਨੀ ਚਾਹੀਦੀ ਹੈ | ਪ੍ਰਧਾਨਗੀ ਭਾਸ਼ਣ ਦੌਰਾਨ ਡਾ. ਸਰਦਾਰਾ ਸਿੰਘ ਜੌਹਲ ਨੇ ਪੁਰਸਕਾਰ ਜੇਤੂਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਜੋ ਵੱਕਾਰੀ ਪੁਰਸਕਾਰ ਮਿਲੇ ਹਨ ਉਨ੍ਹਾਂ ਦੀ ਲਾਜ ਰੱਖੀ ਜਾਵੇ ਭਾਵ ਉਨ੍ਹਾਂ ਦੇ ਪੱਧਰ ਦਾ ਲਿਖਣ ਲਈ ਯਤਨ ਕੀਤੇ ਜਾਣ | ਉਨ੍ਹਾਂ ਕਿਹਾ ਲਿਖਾਰੀ ਨੂੰ ਆਪਣੇ ਲਈ ਲਿਖਣ ਦੀ ਥਾਂ ਸਮਾਜ ਲਈ ਲਿਖਣਾ ਚਾਹੀਦਾ ਹੈ ਜੋ ਇੱਕ ਲੇਖਕ ਦਾ ਅਸਲੀ ਕਰਤੱਬ ਹੈ | ਆਪਸੀ ਬੇਥਵਾਕੀ ਤੇ ਸਾਡੇ ਆਗੂਆਂ ਦੀ ਸਿਰਫ਼ ਰਾਜ ਕਰਨ ਵਾਲੀ ਸੋਚ ਸਦਕਾ ਪਹਿਲਾ ਪੰਜਾਬ ਦਾ ਢਿੱਡ ਪੜਵਾਇਆ ਭਾਵ ਦੇਸ਼ ਦੀ ਵੰਡ ਕਾਰਨ ਦੋ ਪੰਜਾਬ ਬਣੇ | ਫਿਰ ਚੜ੍ਹਦੇ ਪੰਜਾਬ ਦੇ ਤਿੰਨ ਟੋਟੇ ਕਰਵਾਏ | ਅੱਜ ਵੀ ਅਸੀਂ ਤਿੰਨ ਭਾਸ਼ਾਈ ਸੂਤਰ 'ਤੇ ਅਧਾਰਤ ਹੀ ਸਿੱਖਿਆ ਪ੍ਰਣਾਲੀ ਚਲਾ ਰਹੇ ਹਾਂ ਅਤੇ ਇਸ ਤੋਂ ਵਧ ਕੇ ਸਾਡੇ ਹੱਥ ਕੁਝ ਵੀ ਨਹੀਂ ਲੱਗਿਆ | ਆਪਣੀ ਭਾਸ਼ਾ ਦੇ ਪਸਾਰ ਤੇ ਇਸ ਨੂੰ ਹੋਰ ਅਮੀਰ ਬਣਾਉਣ ਲਈ ਸਾਂਝੇ ਯਤਨਾ ਨੂੰ ਸਮੇਂ ਦੀ ਲੋੜ ਦੱਸਿਆ | ਭਾਸ਼ਾ ਵਿਭਾਗ ਪੰਜਾਬ ਦੀਆਂ ਮੌਜੂਦਾ ਸਰਗਰਮੀਆਂ ਲਈ ਸ਼ਲਾਘਾ ਕੀਤੀ | ਇਸ ਮੌਕੇ ਕੁਲਦੀਪ ਸਿੰਘ ਕਬਰਵਾਲਾ ਵਲੋਂ ਅਨੁਵਾਦਿਤ ਵਿਭਾਗੀ ਪੁਸਤਕ 'ਉੱਚੀਆਂ ਉਮੀਦਾਂ' ਅਤੇ 'ਅੰਗਰੇਜ਼ੀ-ਪੰਜਾਬੀ ਸ਼ਬਦਾਵਲੀ (ਰਸਾਇਣ ਵਿਗਆਨ) ਲੋਕ ਅਰਪਣ ਕੀਤੀਆਂ ਗਈਆਂ | ਇਹ ਪੁਸਤਕਾਂ ਸਹਾਇਕ ਨਿਰਦੇਸ਼ਕਾ ਸੁਖਪ੍ਰੀਤ ਕੌਰ, ਖੋਜ ਅਫ਼ਸਰ ਡਾ. ਮਨਜਿੰਦਰ ਸਿੰਘ, ਖੋਜ ਸਹਾਇਕ ਸ਼ਰਨਜੀਤ ਕੌਰ ਤੇ ਪਲਵੀ ਦੁਆਰਾ ਤਿਆਰ ਕੀਤੀਆਂ ਗਈਆਂ ਹਨ | ਡਾ. ਸੰਤੋਖ ਸਿੰਘ ਸੁੱਖੀ ਖੋਜ ਅਫ਼ਸਰ ਤੇ ਖੋਜ ਸਹਾਇਕ ਹਰਜੀਤ ਕੌਰ ਦੁਆਰਾ ਸੰਪਾਦਿਤ ਵਿਭਾਗੀ ਰਸਾਲਾ 'ਪੰਜਾਬੀ ਦੁਨੀਆ' ਦਾ ਡਾ. ਜਗਤਾਰ ਵਿਸ਼ੇਸ਼ ਅੰਕ ਵੀ ਲੋਕ ਅਰਪਣ ਕੀਤਾ ਗਿਆ | ਸੰਯੁਕਤ ਨਿਰਦੇਸ਼ਕਾ ਹਰਭਜਨ ਕੌਰ ਨੇ ਸਭ ਦਾ ਧੰਨਵਾਦ ਕੀਤਾ | ਪੰਜਾਬੀ ਵਿਕਾਸ ਭਾਗ ਦੇ ਸਹਾਇਕ ਨਿਰਦੇਸ਼ਕ ਅਮਰਿੰਦਰ ਸਿੰਘ ਦੀ ਦੇਖ-ਰੇਖ 'ਚ ਹੋਏ ਇਸ ਸਮਾਗਮ ਦੌਰਾਨ ਗਾਇਕ ਮਨਰਾਜ ਪਾਤਰ ਨੇ ਪਦਮ ਸੁਰਜੀਤ ਪਾਤਰ ਸਮੇਤ ਬਹੁਤ ਸਾਰੇ ਨਾਮਵਰ ਪੰਜਾਬੀ ਸ਼ਾਇਰਾਂ ਦੀਆਂ ਲਿਖਤਾਂ ਨੂੰ ਖ਼ੂਬਸੂਰਤ ਗਾਇਕੀ ਰਾਹੀਂ ਪੇਸ਼ ਕੀਤਾ | ਮੰਚ ਸੰਚਾਲਨ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਬਾਖੂਬੀ ਕੀਤਾ | ਇਸ ਮੌਕੇ ਡਿਪਟੀ ਡਾਇਰੈਕਟਰ ਚੰਦਨਦੀਪ ਕੌਰ, ਸਹਾਇਕ ਡਾਇਰੈਕਟਰ ਅਮਰਿੰਦਰ ਸਿੰਘ, ਸੁਖਪ੍ਰੀਤ ਕੌਰ, ਤੇਜਿੰਦਰ ਗਿੱਲ, ਜਸਪ੍ਰੀਤ ਕੌਰ, ਸੁਰਿੰਦਰ ਕੌਰ, ਰਾਬੀਆ ਤੇ ਦਵਿੰਦਰ ਕੌਰ, ਖੋਜ ਅਫ਼ਸਰ ਸਤਪਾਲ ਸਿੰਘ, ਡਾ. ਸੁਰਜੀਤ ਸਿੰਘ ਭੱਟੀ, ਪਿ੍ੰ. ਮਨਮੋਹਨ ਸਿੰਘ, ਪਦਮ ਸ਼੍ਰੀ ਪ੍ਰਾਣ ਸੱਭਰਵਾਲ, ਡਾ. ਸੁਰਜੀਤ ਸਿੰਘ, ਡਾ. ਗੁਰਸੇਵਕ ਲੰਬੀ, ਸਾਹਿਤਕਾਰ ਪਵਨ ਹਰਚੰਦਪੁਰੀ, ਦਰਸ਼ਨ ਬੁੱਟਰ, ਬਲਵਿੰਦਰ ਸੰਧੂ, ਦਰਸ਼ਨ ਜੋਗਾ, ਨਿਰੰਜਣ ਬੋਹਾ, ਡਾ. ਦਰਸ਼ਨ ਸਿੰਘ ਆਸ਼ਟ, ਅਵਤਾਰਜੀਤ, ਗੁਰਚਰਨ ਪੱਬਰਾਲੀ, ਵੱਖ-ਵੱਖ ਿਜ਼ਿਲ੍ਹਆਂ ਦੇ ਭਾਸ਼ਾ ਅਫ਼ਸਰ, ਖੋਜ ਸਹਾਇਕ ਹਰਪ੍ਰੀਤ ਸਿੰਘ, ਕਿਰਨਜੀਤ ਕੌਰ, ਸਿਮਰਨਜੀਤ ਸਿੰਘ ਤੇ ਵੱਡੀ ਗਿਣਤੀ 'ਚ ਸਾਹਿਤਕਾਰ ਹਾਜ਼ਰ ਸਨ | ਸਰਵੋਤਮ ਪੰਜਾਬੀ ਪੁਸਤਕ ਪੁਰਸਕਾਰਾਂ ਤਹਿਤ ਭਾਈ ਵੀਰ ਸਿੰਘ ਪੁਰਸਕਾਰ (ਯਾਦਾਂ) ਗੁਰਿੰਦਰਜੀਤ ਦੀ ਪੁਸਤਕ 'ਬਰਫ਼ 'ਚ ਉੱਗੇ ਅਮਲਤਾਸ' ਨੂੰ , ਨਾਨਕ ਸਿੰਘ ਪੁਰਸਕਾਰ (ਨਾਵਲ) ਜਸਵੀਰ ਸਿੰਘ ਰਾਣਾ ਦੀ ਪੁਸਤਕ '70 ਪਰਸੈਂਟ ਪ੍ਰੇਮ ਕਥਾ' ਨੂੰ , ਪਿ੍ੰ. ਸੁਜਾਨ ਸਿੰਘ ਪੁਰਸਕਾਰ (ਕਹਾਣੀ ਸੰਗ੍ਰਹਿ) ਭਗਵੰਤ ਰਸੂਲਪੁਰੀ ਦੀ ਪੁਸਤਕ 'ਡਲਿਵਰੀ ਮੈਨ' ਨੂੰ , ਗੁਰਬਖ਼ਸ਼ ਸਿੰਘ ਪ੍ਰੀਤਲੜੀ ਪੁਰਸਕਾਰ (ਨਿਬੰਧ) ਡਾ. ਪਰਮਜੀਤ ਢੀਂਗਰਾ ਦੀ ਪੁਸਤਕ 'ਕਿਤਾਬ ਜੋ ਅਜੇ ਬਾਕੀ ਹੈ' ਨੂੰ , ਗਿਆਨੀ ਗੁਰਮੁਖ ਸਿੰਘ ਮੁਸਾਫਿਰ ਪੁਰਸਕਾਰ (ਕਵਿਤਾ) ਸ਼ਮੀਲ ਦੀ ਪੁਸਤਕ 'ਤੇਗ' ਨੂੰ , ਪ੍ਰੋ. ਗੁਰਦਿਆਲ ਸਿੰਘ ਪੁਰਸਕਾਰ (ਅਨੁਵਾਦ) ਸੁਭਾਸ਼ ਭਾਸਕਰ ਦੀ ਪੁਸਤਕ 'ਅਣਵੰਡਿਆ ਪੰਜਾਬ (ਡਾ. ਚੰਦਰ ਤਿ੍ਖਾ)' ਨੂੰ , ਐੱਮ.ਐੱਸ. ਰੰਧਾਵਾ ਪੁਰਸਕਾਰ (ਸੰਪਾਦਨ) ਅਮੀਆ ਕੁੰਵਰ ਦੀ ਪੁਸਤਕ 'ਇਮਰੋਜ਼ਨਾਮਾ' ਨੂੰ , ਸ੍ਰੀ ਗੁਰੂ ਹਿਰਿਕ੍ਰਸ਼ਨ ਪੁਰਸਕਾਰ (ਬਾਲ ਸਾਹਿਤ) ਡਾ. ਇੰਦਰਪ੍ਰੀਤ ਸਿੰਘ ਧਾਮੀ ਦੀ ਪੁਸਤਕ 'ਸੁਪਨਸਾਜ਼' ਨੂੰ , ਡਾ. ਅਤਰ ਸਿੰਘ ਪੁਰਸਕਾਰ (ਆਲੋਚਨਾ) ਗੁਰਦੀਪ ਸਿੰਘ ਦੀ ਪੁਸਤਕ 'ਇਹ ਦੇਸ ਪੰਜਾਬ ਦੀ ਸਮਝ ਨਾਹੀਂ' ਨੂੰ ਅਤੇ ਭਾਈ ਕਾਨ੍ਹ ਸਿੰਘ ਨਾਭਾ ਪੁਰਸਕਾਰ (ਕੋਸ਼ਕਾਰੀ) ਜਗਤਾਰ ਸਿੰਘ ਸੋਖੀ ਦੀ ਪੁਸਤਕ 'ਪੰਜਾਬੀ ਸਮਾਨਾਰਥਕ ਕੋਸ਼' ਨੂੰ ਪ੍ਰਦਾਨ ਕੀਤਾ ਗਿਆ | ਇਸ ਮੌਕੇ ਪੰਜਾਬੀ ਭਾਸ਼ਾ ਪ੍ਰਤੀ ਸ਼ਾਨਦਾਰ ਕਾਰਗੁਜ਼ਾਰੀ ਲਈ ਜ਼ਿਲ੍ਹਾ ਭਾਸ਼ਾ ਅਫ਼ਸਰ ਮੋਗਾ ਡਾ. ਅਜੀਤਪਾਲ ਸਿੰਘ ਜਟਾਣਾ ਤੇ ਵਿਭਾਗ ਦੇ ਮੁੱਖ ਦਫ਼ਤਰ ਦੀ ਸੀਨੀਅਰ ਸਹਾਇਕ ਸੁਮਨ ਵਰਮਾ ਨੂੰ ਬਿਹਤਰੀਨ ਕਾਰਗੁਜ਼ਾਰੀ ਲਈ ਪ੍ਰਸੰਸਾ ਪੱਤਰ ਪ੍ਰਦਾਨ ਕੀਤੇ ਗਏ |