ਨਾਭਾ, 22 ਨਵੰਬਰ (ਕਰਮਜੀਤ ਸਿੰਘ)-ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਬਲਾਕ ਨਾਭਾ ਵਲੋਂ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਬਰਾਂਸ, ਬਲਾਕ ਪ੍ਰਧਾਨ ਰਾਜਿੰਦਰ ਸਿੰਘ ਕਕਰਾਲਾ, ਹਰਜਿੰਦਰ ਸਿੰਘ ਸਾਲੂਵਾਲ ਦੀ ਅਗਵਾਈ 'ਚ ਸਦਰ ਥਾਣਾ ਨਾਭਾ ਦੇ ਗੇਟ ਅੱਗੇ ਧਰਨਾ ਲਗਾ ਕੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜੀ ਕਰਦਿਆਂ ਇਨਸਾਫ਼ ਦੀ ਮੰਗ ਕੀਤੀ | ਇਸ ਮੌਕੇ ਪ੍ਰਧਾਨ ਰਾਜਿੰਦਰ ਸਿੰਘ ਕਕਰਾਲਾ ਤੋਂ ਇਲਾਵਾ ਪੀੜਤ ਕਿਸਾਨ ਹਰਪਵਿੱਤਰ ਸਿੰਘ ਨੇ ਦੋਸ਼ ਲਾਇਆ ਕਿ ਸਦਰ ਪੁਲਸ ਵਲੋਂ ਇਕ ਅਸਰ ਰਸੂਖ ਵਾਲੇ ਵਿਅਕਤੀ ਵਲੋਂ ਆਪਣਾ ਰਸੂਖ ਵਰਤ ਕੇ ਮੇਰੇ ਸਮੇਤ ਮੇਰੇ ਭਰਾ ਚਮਕੌਰ ਸਿੰਘ, ਬੇਟੇ ਇੰਦਰਜੀਤ ਸਿੰਘ, ਭਤੀਜੇ ਤਰਨਪ੍ਰੀਤ ਸਿੰਘ ਅਤੇ ਮਜ਼ਦੂਰ ਨਾਜਰ ਸਿੰਘ ਉੱਪਰ ਨਾਜਾਇਜ਼ ਮਾਮਲਾ ਦਰਜ ਕਰਵਾ ਦਿੱਤਾ ਗਿਆ ਜਦਕਿ ਸਾਡੇ ਵਲੋਂ ਕਈ ਦਿਨ ਪਹਿਲਾਂ ਇਨਸਾਫ਼ ਲਈ ਐਸ.ਐਸ.ਪੀ. ਪਟਿਆਲਾ ਨੂੰ ਦਰਖਾਸਤ ਦਿੱਤੀ ਉਲਟਾ ਸਾਡੇ ਖਿਲਾਫ ਹੀ ਕਾਰਵਾਈ ਕਰ ਦਿੱਤੀ ਗਈ ਜਿਸ ਦੇ ਇਨਸਾਫ ਲਈ ਅਸੀਂ ਇਹ ਕਦਮ ਚੁਕਿਆ ਹੈ ਜਦੋਂ ਇਸ ਸੰਬੰਧੀ ਮੌਕੇ 'ਤੇ ਪਾਹੁੰਚੀ ਡੀ.ਐਸ.ਪੀ. ਨਾਭਾ ਮਨਦੀਪ ਕੌਰ ਅਤੇ ਐਸ.ਐਚ.ਓ. ਜਸਵਿੰਦਰ ਸਿੰਘ ਖੋਖਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਬੋੜਾ ਕਲਾਂ ਦੀ ਦੋ ਧਿਰਾ 'ਚ ਜ਼ਮੀਨ ਦਾ ਝਗੜਾ ਚੱਲ ਰਿਹਾ ਹੈ | ਜਸਵੀਰ ਸਿੰਘ ਕਲਾਰ ਸਾਬਕਾ ਜੱਜ ਵਾਸੀ ਬੋੜਾ ਕਲਾ ਵਲੋਂ ਦਰਖਾਸਤ ਦਿੱਤੀ ਗਈ ਸੀ ਜਿਸ ਵਿਚ ਉਨ੍ਹਾਂ ਨੇ ਇਨ੍ਹਾਂ ਵਿਅਕਤੀਆਂ ਖਿਲਾਫ ਧੱਕੇਸ਼ਾਹੀ ਤੇ ਚੋਰੀ ਦਾ ਇਲਜਾਮ ਲਾਇਆ ਜਿਸ ਦੇ ਸੰਬੰਧ ਵਿਚ ਇਹ ਕਾਰਵਾਈ ਕੀਤੀ ਹੁਣ ਅਸੀਂ ਚਾਰ ਦਿਨਾਂ ਵਿਚ ਇਸ ਕੇਸ ਦੀ ਇਨਕੁਆਰੀ ਕਰਕੇ ਜੋ ਸਚਾਈ ਸਾਹਮਣੇ ਆਵੇਗੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਜਾਵੇਗਾ ਤੇ ਇਨ੍ਹਾਂ ਨਾਲ ਪੂਰਾ ਇਨਸਾਫ ਕੀਤਾ ਜਾਵੇਗਾ | ਡੀ.ਐਸ.ਪੀ. ਦੇ ਭਰੋਸੇ ਤੋਂ ਬਾਅਦ ਕਿਸਾਨ ਯੂਨੀਅਨ ਵਲੋਂ ਫੈਸਲੇ ਦਾ ਇੰਤਜ਼ਾਰ ਕਰਨ ਦੀ ਗੱਲ ਕਹਿੰਦਿਆਂ ਧਰਨਾ ਚੁੱਕ ਲਿਆ ਗਿਆ |