ਸਮਾਣਾ, 26 ਦਸੰਬਰ (ਸਾਹਿਬ ਸਿੰਘ)-ਪਿੰਡ ਕਕਰਾਲਾ ਭਾਈਕਾ ਤੋਂ ਲਾਪਤਾ ਹੋਏ ਨੌਜਵਾਨ ਦੀ ਲਾਸ਼ 17 ਦਿਨ ਬਾਅਦ ਪਿੰਡ ਗੋਰੀਵਾਲਾ ਜ਼ਿਲ੍ਹਾ ਸਿਰਸਾ (ਹਰਿਆਣਾ) ਤੋਂ ਭਾਖੜਾ ਨਹਿਰ ਤੋਂ ਬਰਾਮਦ ਹੋਣ 'ਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ | ਮਾਮਲੇ ਦੇ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਜੱਜਪਾਲ ਸਿੰਘ ਨੇ ਦੱਸਿਆ ਕਿ ਮਿ੍ਤਕ ਗੁਲਸ਼ਨ ਖਾਨ (30) ਪੁੱਤਰ ਦਰਸ਼ਨ ਖਾਨ ਦੇ ਭਰਾ ਅਮੀਰ ਖਾਨ ਵਲੋਂ 8 ਦਸੰਬਰ ਨੂੰ ਆਪਣੇ ਭਰਾ ਦੇ ਲਾਪਤਾ ਹੋਣ ਸੰਬੰਧੀ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਸ ਦਾ ਭਰਾ ਕਿਸੇ ਸਮਾਗਮ ਵਿਚ ਸ਼ਾਮਿਲ ਹੋਣ ਲਈ ਸਮਾਣਾ ਆਇਆ ਸੀ, ਪਰ ਉਸ ਦੇ ਘਰ ਵਾਪਸ ਨਾਂ ਪਰਤਣ ਕਾਰਨ ਥਾਣਾ ਸ਼ਹਿਰੀ ਸਮਾਣਾ ਦੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਸੀ | ਉਨ੍ਹਾਂ ਅੱਗੇ ਦੱਸਿਆ ਕਿ ਮਿ੍ਤਕ ਦੀ ਲਾਸ਼ ਭਾਖੜਾ ਨਹਿਰ ਪਿੰਡ ਗੋਰੀਵਾਲਾ (ਹਰਿਆਣਾ) ਜ਼ਿਲ੍ਹਾ ਸਿਰਸਾ ਤੋਂ 25 ਦਸੰਬਰ ਨੂੰ ਮਿਲਣ 'ਤੇ ਭਰਾ ਵਲੋਂ ਸ਼ੱਕ ਜ਼ਾਹਿਰ ਕੀਤਾ ਗਿਆ ਕਿ ਉਸ ਦੇ ਭਰਾ ਨੂੰ ਮਾਰ ਕੇ ਭਾਖੜਾ ਨਹਿਰ ਵਿਚ ਸੁੱਟਿਆ ਹੈ | ਅਧਿਕਾਰੀ ਅਨੁਸਾਰ ਤਿੰਨ ਡਾਕਟਰਾਂ ਦੇ ਬੋਰਡ ਵਲੋਂ ਮਿ੍ਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ | ਬਿਆਨਾਂ ਅਨੁਸਾਰ ਅਣਪਛਾਤੇ ਲੋਕਾਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |