ਸਮਾਣਾ, 27 ਦਸੰਬਰ (ਪ੍ਰੀਤਮ ਸਿੰਘ ਨਾਗੀ)-ਪੰਜਾਬ ਸਰਕਾਰ ਵਲੋਂ ਹੋਮਿਓਪੈਥੀ ਵਿਭਾਗ ਲਈ ਲੰਬੇ ਸਮੇਂ ਤੋਂ ਬਕਾਇਆ ਪਈਆਂ ਅਸਾਮੀਆਂ ਨੂੰ ਭਰਨ ਸੰਬੰਧੀ ਭਰਤੀ ਪ੍ਰਸਤਾਵ ਨੂੰ ਮਨਜ਼ੂਰੀ ਦੇਣ ਦਾ ਫੈਸਲਾ ਸੂਬੇ ਵਿੱਚ ਹੋਮਿਓਪੈਥਿਕ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਵੱਲ ਇਕ ਅਹਿਮ ਅਤੇ ਇਤਿਹਾਸਕ ਕਦਮ ਹੈ | ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵਲੋਂ 42 ਹੋਮਿਓਪੈਥਿਕ ਮੈਡੀਕਲ ਅਫ਼ਸਰ ਤੇ 74 ਡਿਸਪੈਂਸਰਾਂ ਦੀ ਭਰਤੀ ਲਈ ਮਨਜ਼ੂਰੀ ਪ੍ਰਦਾਨ ਕੀਤੀ ਗਈ ਹੈ | ਡਾ. ਨਿਰਮਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੋਮਿਓਪੈਥੀ ਵਿਭਾਗ ਵਿੱਚ ਡਾਕਟਰਾਂ ਦੀਆਂ ਕੁੱਲ 89 ਮਨਜ਼ੂਰਸ਼ੁਦਾ ਅਸਾਮੀਆਂ ਹਨ, ਜਿਨ੍ਹਾਂ ਵਿਚੋਂ 42 ਅਸਾਮੀਆਂ ਕਾਫ਼ੀ ਸਮੇਂ ਤੋਂ ਖਾਲੀ ਪਈਆਂ ਸਨ | ਇਸ ਤੋਂ ਇਲਾਵਾ 74 ਡਿਸਪੈਂਸਰਾਂ ਦੀਆਂ ਅਸਾਮੀਆਂ ਵੀ ਖਾਲੀ ਹੋਣ ਕਾਰਨ ਵਿਭਾਗ ਦੇ ਦੈਨਿਕ ਕੰਮਕਾਜ ਅਤੇ ਮਰੀਜ਼ਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਵਿਚ ਕਾਫ਼ੀ ਮੁਸ਼ਕਲਾਂ ਆ ਰਹੀਆਂ ਸਨ | ਡਾ. ਨਿਰਮਲ ਸਿੰਘ ਨੇ ਕਿਹਾ ਕਿ ਕਈ ਅਸਾਮੀਆਂ ਦੋ ਸਾਲ ਤੋਂ ਵੀ ਵੱਧ ਸਮੇਂ ਤੋਂ ਖਾਲੀ ਪਈਆਂ ਰਹੀਆਂ, ਜਿਸ ਕਾਰਨ ਹੋਮਿਓਪੈਥੀ ਵਿਭਾਗ ਭਾਰੀ ਦਬਾਅ ਹੇਠ ਕੰਮ ਕਰ ਰਿਹਾ ਸੀ | ਹੁਣ ਭਰਤੀ ਪ੍ਰਸਤਾਵ ਨੂੰ ਮਨਜ਼ੂਰੀ ਮਿਲਣ ਨਾਲ ਇਹ ਸਾਰੀਆਂ ਅਸਾਮੀਆਂ ਭਰੀਆਂ ਜਾਣਗੀਆਂ, ਜਿਸ ਨਾਲ ਜਨਤਾ ਨੂੰ ਗੁਣਵੱਤਾਪੂਰਨ, ਸੁਗਮ ਅਤੇ ਪ੍ਰਭਾਵਸ਼ਾਲੀ ਹੋਮਿਓਪੈਥਿਕ ਇਲਾਜ ਉਪਲਬਧ ਹੋਵੇਗਾ | ਡਾ. ਨਿਰਮਲ ਸਿੰਘ ਦੇ ਨਾਲ ਅਮਿਤ ਸਿੰਗਲਾ ਜੀ (ਪ੍ਰਧਾਨ, ਅਗਰਵਾਲ ਗੌਸ਼ਾਲਾ ਸਮਾਣਾ), ਜੀਵਨ ਗਰਗ ਜੀ, ਕਰਨਲ ਭੁਪਿੰਦਰ ਸਿੰਘ, ਸ਼ਿਵ ਨਾਰਾਇਣ ਗਰਗ ਅਤੇ ਹੋਰ ਮਾਣਯੋਗ ਸ਼ਖਸੀਅਤਾਂ ਨੇ ਪੰਜਾਬ ਸਰਕਾਰ ਦੇ ਇਸ ਸਰਾਹਣਯੋਗ ਫੈਸਲੇ ਦਾ ਦਿਲੋਂ ਸਵਾਗਤ ਕੀਤਾ | ਸਭ ਮਾਣਯੋਗ ਵਿਅਕਤੀਆਂ ਨੇ ਪੰਜਾਬ ਦੇ ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ, ਪਿ੍ੰਸੀਪਲ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਪੰਜਾਬ ਕੁਮਾਰ ਰਾਹੁਲ, ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਪੰਜਾਬ ਦਿਲਰਾਜ ਸਿੰਘ ਅਤੇ ਕਮਿਸ਼ਨਰ ਆਯੁਸ਼ ਪੰਜਾਬ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ, ਜਿਨ੍ਹਾਂ ਦੀ ਸਕਾਰਾਤਮਕ ਦਖਲਅੰਦਾਜ਼ੀ ਅਤੇ ਸਹਿਯੋਗ ਨਾਲ ਇਹ ਮਨਜ਼ੂਰੀ ਸੰਭਵ ਹੋ ਸਕੀ | ਡਾ. ਨਿਰਮਲ ਸਿੰਘ ਨੇ ਜੋਇੰਟ ਡਾਇਰੈਕਟਰ ਡਾ. ਹਰਿੰਦਰਪਾਲ, ਡਾ. ਰਾਜੀਵ ਜਿੰਡੀਆ, ਡਾ. ਅਮਰਜੀਤ ਮੰਨ ਅਤੇ ਹੋਮਿਓਪੈਥਿਕ ਐਸੋਸੀਏਸ਼ਨ ਦੇ ਸਾਰੇ ਮੈਂਬਰਾਂ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਮਕਸਦ ਨੂੰ ਹਾਸਲ ਕਰਨ ਲਈ ਲਗਾਤਾਰ ਯਤਨ ਕੀਤੇ | ਇਸ ਮੌਕੇ 'ਤੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਸਾਬਕਾ ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਜੀ ਦਾ ਵੀ ਧੰਨਵਾਦ ਪ੍ਰਗਟਾਇਆ ਗਿਆ, ਜਿਨ੍ਹਾਂ ਵੱਲੋਂ ਸੰਗਰੂਰ ਮਸਤੂਆਣਾ ਸਾਹਿਬ ਵਿਖੇ ਸਰਕਾਰੀ ਹੋਮਿਓਪੈਥਿਕ ਮੈਡੀਕਲ ਕਾਲਜ ਖੋਲ੍ਹਣ ਦੀ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ ਗਈ |