ਸ੍ਰੀ ਮੁਕਤਸਰ ਸਾਹਿਬ, 22 ਨਵੰਬਰ (ਰਣਜੀਤ ਸਿੰਘ ਢਿੱਲੋਂ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਸ਼ੁਰੂ ਕੀਤਾ ਅਣਮਿੱਥੇ ਸਮੇਂ ਦਾ ਧਰਨਾ ਪੰਜਵੇਂ ਦਿਨ 'ਚ ਦਾਖ਼ਲ ਹੋ ਗਿਆ ਹੈ | ਅੱਜ ਦੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਆਗੂਆਂ ਗੁਰਭਗਤ ਸਿੰਘ ਭਲਾਈਆਣਾ ਜ਼ਿਲ੍ਹਾ ਜਨਰਲ ਸਕੱਤਰ, ਬਲਵਿੰਦਰ ਸਿੰਘ ਮੱਤਾ, ਕੁਲਬੀਰ ਸਿੰਘ ਭਾਗਸਰ ਅਤੇ ਹਰਬੰਸ ਸਿੰਘ ਕੋਟਲੀ ਨੇ ਕਿਹਾ ਕਿ ਸਰਕਾਰ ਦੇ ਬੇਰੁਖ਼ੀ ਵਾਲੇ ਵਤੀਰੇ ਖ਼ਿਲਾਫ਼ ਸ੍ਰੀ ਮੁਕਤਸਰ ਸਾਹਿਬ ਤੇ ਫ਼ਰੀਦਕੋਟ ਜ਼ਿਲਿ੍ਹਆਂ ਦੇ ਪਿੰਡ-ਪਿੰਡ ਕਿਸਾਨਾਂ ਦੀ ਲਾਮਬੰਦੀ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਉਪਰੰਤ ਆਉਣ ਵਾਲੇ ਦਿਨਾਂ 'ਚ ਵੱਡੀ ਗਿਣਤੀ ਵਿਚ ਕਿਸਾਨ ਇਸ ਸੰਘਰਸ਼ ਦਾ ਹਿੱਸਾ ਬਣਨਗੇ | ਉਨ੍ਹਾਂ ਦੱਸਿਆ ਕਿ ਲੋਕ ਹਿੱਤ 'ਚ ਜਾਨ ਲਾਉਣ ਵਾਲੇ ਕਿਸਾਨਾਂ ਦੀ ਧਰਨੇ ਜਾਂ ਹਾਦਸੇ 'ਚ ਮੌਤ ਉਪਰੰਤ ਪੀੜਤ ਪਰਿਵਾਰ ਲਈ 10 ਲੱਖ ਦਾ ਮੁਆਵਜ਼ਾ, ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ, ਪਰਿਵਾਰ ਦਾ ਸਾਰਾ ਕਰਜ਼ਾ ਮੁਆਫ਼ ਕਰਨਾ ਅਤੇ ਜ਼ਖ਼ਮੀਆਂ ਦਾ ਸਰਕਾਰੀ ਖ਼ਰਚੇ 'ਤੇ ਇਲਾਜ ਕਰਵਾਉਣਾ ਸ਼ਾਮਿਲ ਹੈ | ਉਨ੍ਹਾਂ ਕਿਹਾ ਕਿ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰਹੇਗਾ ਤੇ ਆਉਣ ਵਾਲੇ ਦਿਨਾਂ 'ਚ ਸੂਬਾ ਕਮੇਟੀ ਦੀ ਸ਼ਮੂਲੀਅਤ ਵੀ ਹੋਵੇਗੀ | ਇਸ ਮੌਕੇ ਜਸਪ੍ਰੀਤ ਸਿੰਘ ਜੈਤੋ, ਜਸਵੀਰ ਸਿੰਘ ਗੰਧੜ, ਗੁਰਸੇਵਕ ਸਿੰਘ ਲੰਬੀ, ਅਜੈਬ ਸਿੰਘ ਕੋਠੇ ਅਮਨਗੜ੍ਹ, ਮਾਸਟਰ ਗੁਰਚਰਨ ਸਿੰਘ ਤੋਂ ਇਲਾਵਾ ਭਰਾਤਰੀ ਜਥੇਬੰਦੀ ਵਲੋਂ ਬਿਜਲੀ ਮੁਲਾਜ਼ਮ ਆਗੂ ਅਮਰਜੀਤ ਸ਼ਰਮਾ ਤੇ ਪਿਆਰੇ ਲਾਲ ਦੋਦਾ ਵੀ ਮੌਜੂਦ ਸਨ |