ਦੋਦਾ, 6 ਦਸੰਬਰ (ਰਵੀਪਾਲ)-ਹਲਕਾ ਗਿੱਦੜਬਾਹਾ ਦੇ ਨੌਜਵਾਨ ਆਗੂ ਅਨੇਕ ਸਿੰਘ ਬਰਾੜ ਮਧੀਰ ਸਮਾਜ ਸੇਵੀ ਤੇ ਨੈਸ਼ਨਲ ਕੋਆਰਡੀਨੇਟਰ ਆਲ ਇੰਡੀਆ ਕਿਸਾਨ ਕਾਂਗਰਸ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਦਾਦੀ ਬਲਦੇਵ ਕੌਰ (94 ਸਾਲ) ਪਤਨੀ ਅਵਤਾਰ ਸਿੰਘ ਬਰਾੜ (ਸੂਬੇਦਾਰ) ਪਿੰਡ ਮਧੀਰ ਸਦੀਵੀ ਵਿਛੋੜਾ ਦੇ ਗਏ | ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਮਧੀਰ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ | ਇਸ ਦੁੱਖ ਦੀ ਘੜੀ ਵਿਚ ਸਾਬਕਾ ਖ਼ਜ਼ਾਨਾ ਮੰਤਰੀ ਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਨੇ ਅਨੇਕ ਸਿੰਘ ਬਰਾੜ ਤੇ ਸਮੂਹ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਸਵ. ਬਲਦੇਵ ਕੌਰ ਮਨਪ੍ਰੀਤ ਸਿੰਘ ਬਾਦਲ ਦੇ ਮਾਮੀ ਜੀ ਸਨ | ਜ਼ਿਕਰਯੋਗ ਹੈ ਮਾਤਾ ਦਾ ਇਕ ਪੁੱਤਰ ਮਾਲਵਿੰਦਰ ਸਿੰਘ ਬਰਾੜ (ਮੱਲੀ) ਅਤੇ ਦੋ ਪੋਤਰੀਆਂ ਪਹਿਲਾਂ ਹੀ ਇਸ ਦੁਨੀਆ ਤੋਂ ਤੁਰ ਗਏ ਸਨ | ਮਾਤਾ ਦੇ ਜਾਣ ਤੋਂ ਬਾਅਦ ਛੋਟੀ ਉਮਰੇ ਸਾਰੀ ਜ਼ਿੰਮੇਵਾਰੀ ਅਨੇਕ ਸਿੰਘ ਬਰਾੜ ਉਪਰ ਪੈ ਗਈ ਹੈ | ਇਸ ਦੌਰਾਨ ਹਲਕੇ ਦੇ ਵੱਡੀ ਗਿਣਤੀ ਵਿਚ ਲੋਕਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਇਸ ਮੌਕੇ ਦਰਸਨ ਸਿੰਘ ਮਧੀਰ, ਜਗਬੀਰ ਸਿੰਘ ਬਰਾੜ ਸਾਬਕਾ ਵਿਧਾਇਕ, ਚੇਅਰਮੈਨ ਸੁਖਜਿੰਦਰ ਸਿੰਘ ਕਾਉਣੀ, ਬਚਿੱਤਰ ਸਿੰਘ ਧਾਲੀਵਾਲ ਕੁਰਾਈਵਾਲਾ ਆਮ ਆਦਮੀ ਪਾਰਟੀ ਆਦਿ ਹਾਜ਼ਰ ਸਨ |