ਮੰਡੀ ਲੱਖੇਵਾਲੀ, 6 ਦਸੰਬਰ (ਮਿਲਖ ਰਾਜ)-ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਇਸ ਵਾਰ ਮੁੜ ਦੁਬਾਰਾ ਆਪਣੇ ਟਕਸਾਲੀ ਦਿੱਗਜ ਆਗੂ ਗੁਰਮੇਲ ਸਿੰਘ ਲੱਖੇਵਾਲੀ ਨੂੰ ਪਾਰਟੀ ਉਮੀਦਵਾਰ ਬਣਾਇਆ ਹੈ | ਗੁਰਮੇਲ ਸਿੰਘ ਲੱਖੇਵਾਲੀ ਪਾਰਟੀ ਸੁਪਰੀਮੋ ਸੁਖਬੀਰ ਸਿੰਘ ਬਾਦਲ ਦੇ ਕਾਫ਼ੀ ਨੇੜੇ ਮੰਨੇ ਜਾਂਦੇ ਹਨ ਅਤੇ ਇਮਾਨਦਾਰੀ ਤੇ ਤਨਦੇਹੀ ਨਾਲ ਵੱਖ-ਵੱਖ ਅਹੁਦਿਆਂ 'ਤੇ ਪਾਰਟੀ ਦੀ ਸੇਵਾ ਕਰ ਚੁੱਕੇ ਹਨ | ਸ਼ੁਰੂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦਾ ਗੜ੍ਹ ਮੰਨੇ ਜਾਂਦੇ ਇਸ ਜ਼ੋਨ ਵਿਚ ਬਾਦਲ ਪਰਿਵਾਰ ਦਾ ਅੱਜ ਵੀ ਪੂਰਾ ਪ੍ਰਭਾਵ ਹੈ | ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਪੂਰੀ ਮਿਹਨਤ ਨਾਲ ਅੱਜ ਵੀ ਇਸ ਇਲਾਕੇ ਵਿਚ ਵਿਚਰ ਰਹੇ ਹਨ | ਪਿਛਲੀ ਕਾਂਗਰਸ ਸਰਕਾਰ ਦੌਰਾਨ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਵੀ ਉਨ੍ਹਾਂ ਨੇ ਤਕੜੀ ਟੱਕਰ ਦਿੱਤੀ ਸੀ |