ਅੰਮਿ੍ਤਸਰ, 2 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਸ਼ੰਘਾਈ ਸਹਿਯੋਗ ਸੰਗਠਨ (ਐੱਸ.ਸੀ.ਓ.) ਦੇ ਸੰਮੇਲਨ 'ਚ ਭਾਸ਼ਣ ਦੌਰਾਨ ਸਿੰਧੂ ਜਲ ਸੰਧੀ (ਆਈ. ਡਬਲਯੂ. ਟੀ.) ਦਾ ਮੁੱਦਾ ਉਠਾਇਆ ਅਤੇ ਸਾਰੇ ਬਕਾਇਆ ਵਿਵਾਦਾਂ 'ਤੇ ਗੱਲਬਾਤ ਦੀ ਅਪੀਲ ਦਿੱਤੀ | ਉਨ੍ਹਾਂ ਨੇ ਭਾਰਤ ਸਮੇਤ 10 ਮੈਂਬਰੀ ਯੂਰੇਸ਼ੀਅਨ ਬਲਾਕ ਦੇ ਨੇਤਾਵਾਂ ਨੂੰ ਕਿਹਾ ਕਿ ਪਾਕਿ ਸ਼ਾਂਤੀ, ਗੱਲਬਾਤ ਅਤੇ ਖੇਤਰੀ ਏਕੀਕਰਨ ਲਈ ਵਚਨਬੱਧ ਹੈ ਅਤੇ ਕੌਮਾਂਤਰੀ ਸੰਧੀਆਂ ਦੇ ਤਹਿਤ ਪਾਕਿ ਦੇ ਅਧਿਕਾਰਾਂ ਅਤੇ ਅੱਤਵਾਦ ਵਿਰੁੱਧ ਕੁਰਬਾਨੀਆਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ | ਸ਼ਰੀਫ਼ ਨੇ ਭਾਰਤ ਵਲੋਂ ਪਹਿਲਗਾਮ ਹਮਲੇ ਤੋਂ ਬਾਅਦ ਰੱਦ ਕੀਤੀ ਸਿੰਧੂ ਜਲ ਸੰਧੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਐੱਸ. ਸੀ. ਓ. ਮੈਂਬਰਾਂ 'ਚ ਮੌਜੂਦਾ ਸੰਧੀਆਂ ਦੇ ਅਨੁਸਾਰ ਪਾਣੀ ਦੇ ਬਰਾਬਰ ਹਿੱਸੇ ਤੱਕ ਨਿਰਵਿਘਨ ਪਹੁੰਚ ਸੰਗਠਨ ਨੂੰ ਸੁਚਾਰੂ ਢੰਗ ਨਾਲ ਕੰਮ ਕਰਨ ਨੂੰ ਮਜ਼ਬੂਤ ਕਰੇਗੀ ਅਤੇ ਵਿਆਪਕ ਟੀਚਿਆਂ ਦੀ ਪ੍ਰਾਪਤੀ ਦਾ ਸਮਰਥਨ ਕਰੇਗੀ ਜਿਨ੍ਹਾਂ ਲਈ ਇਸ ਦੀ ਸਥਾਪਨਾ ਕੀਤੀ ਗਈ ਸੀ | ਉਨ੍ਹਾਂ ਨੇ ਭਾਸ਼ਣ ਦੌਰਾਨ ਟਕਰਾਅ ਦੀ ਬਜਾਇ ਕੂਟਨੀਤੀ ਨੂੰ ਤਰਜੀਹ ਦਿੰਦਿਆਂ ਕਿਹਾ ਕਿ ਅਸੀਂ ਸਾਰੀਆਂ ਕੌਮਾਂਤਰੀ ਅਤੇ ਦੁਵੱਲੀਆਂ ਸੰਧੀਆਂ ਦਾ ਸਤਿਕਾਰ ਕਰਦੇ ਹਾਂ | ਸ਼ਾਹਬਾਜ਼ ਸ਼ਰੀਫ਼ ਨੇ ਪਾਕਿ ਦੇ ਜਲਵਾਯੂ ਸੰਕਟ ਬਾਰੇ ਗੱਲ ਕਰਦਿਆਂ ਕਿਹਾ ਕਿ ਪਾਕਿ ਇਕ ਵਾਰ ਫਿਰ ਭਾਰੀ ਬਾਰਿਸ਼ ਅਤੇ ਵਿਨਾਸ਼ਕਾਰੀ ਹੜ੍ਹਾਂ ਨਾਲ ਜੂਝ ਰਿਹਾ ਹੈ | ਉਨ੍ਹਾਂ ਨੇ ਮਦਦ ਦੀ ਗੁਹਾਰ ਲਗਾਉਂਦਿਆਂ ਕਿਹਾ ਕਿ ਪਾਕਿ ਵਰਗੇ ਘੱਟ ਵਿਕਸਤ ਦੇਸ਼ ਲਗਾਤਾਰ ਜਲਵਾਯੂ ਪਰਿਵਰਤਨ ਕਾਰਨ ਹੋਣ ਵਾਲੀਆਂ ਆਫ਼ਤਾਂ ਦਾ ਸਾਹਮਣਾ ਕਰ ਰਹੇ ਹਨ |
ਸ਼ਾਹਬਾਜ਼ ਸ਼ਰੀਫ਼ ਨੇ ਐੱਸ.ਸੀ.ਓ. ਸੰਮੇਲਨ 'ਚ ਸਿੰਧੂ ਜਲ ਸੰਧੀ ਬਹਾਲ ਕਰਨ ਦੀ ਕੀਤੀ ਅਪੀਲ
ਅਜੀਤ ਡੈਸਕ
03-09-2025