ਕਿਹਾ, ਜੀ.ਐਸ.ਟੀ. 'ਤੇ ਆਪਣਾ ਵਾਅਦਾ ਪੂਰਾ ਕੀਤਾ
<br/>
ਨਵੀਂ ਦਿੱਲੀ, 4 ਸਤੰਬਰ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਜੀ. ਐਸ. ਟੀ. ਕੌਂਸਲ ਵਲੋਂ ਟੈਕਸ ਸੁਧਾਰਾਂ ਬਾਰੇ ਲਏ ਫ਼ੈਸਲਿਆਂ ਤੋਂ ਬਾਅਦ ਅਗਲੇ ਦਿਨ ਇਸ ਦੀ ਸ਼ਲਾਘਾ ਕਰਦਿਆਂ ਇਸ ਨੂੰ ਲੋਕਾਂ ਦੇ ਹਿੱਤ 'ਚ ਲਿਆ ਫ਼ੈਸਲਾ ਕਰਾਰ ਦਿੱਤਾ | ਤਿਉਹਾਰਾਂ ਦੀ ਆਮਦ ਤੋਂ ਐਨ ਪਹਿਲਾਂ ਲਏ ਫ਼ੈਸਲੇ 'ਤੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਵਾਰ ਧਨਤੇਰਸ 'ਤੇ ਕਾਫੀ ਰੌਣਕ ਹੋਵੇਗੀ | ਰਾਸ਼ਟਰੀ ਪੁਰਸਕਾਰ ਜੇਤੂ ਅਧਿਆਪਕਾਂ ਦੇ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਮੰਤਰੀ ਨੇ ਜੀ. ਐਸ. ਟੀ. ਸੁਧਾਰਾਂ 'ਤੇ ਬੋਲਦਿਆਂ ਕਿਹਾ ਕਿ ਜੀ. ਐਸ. ਟੀ. 'ਤੇ ਕੀਤਾ ਵਾਅਦਾ ਉਨ੍ਹਾਂ ਪੂਰਾ ਕੀਤਾ ਹੈ | ਜ਼ਿਕਰਯੋਗ ਹੈ ਕਿ ਮੋਦੀ ਨੇ 15 ਅਗਸਤ ਨੂੰ ਜੀ. ਐਸ. ਟੀ. ਨੂੰ ਸੁਖਾਲਾ ਬਣਾਉਣ ਅਤੇ ਦੋ ਸਲੈਬਾਂ ਕਰਨ ਦਾ ਐਲਾਨ ਕੀਤਾ ਸੀ | ਮੋਦੀ ਨੇ ਵੀਰਵਾਰ ਨੂੰ ਬੋਲਦਿਆਂ ਕਿਹਾ ਕਿ ਹੁਣ ਜੀ. ਐਸ. ਟੀ. ਹੋਰ ਸੁਖਾਲਾ ਹੋ ਗਿਆ ਹੈ, ਹੁਣ ਇਸ ਦੇ ਸਿਰਫ 2 ਹੀ ਰੇਟ ਹੋਣਗੇ ਅਤੇ ਨਵਰਾਤੇ ਦੇ ਪਹਿਲੇ ਦਿਨ ਤੋਂ ਇਹ ਲਾਗੂ ਹੋਵੇਗਾ | ਉਨ੍ਹਾਂ ਇਸ ਨੂੰ ਗ਼ਰੀਬਾਂ, ਮੱਧ ਵਰਗ, ਕਿਸਾਨਾਂ ਅਤੇ ਨੌਜਵਾਨਾਂ ਲਈ ਲਾਹੇਵੰਦ ਫ਼ੈਸਲਾ ਦੱਸਦਿਆਂ ਕਿਹਾ ਕਿ ਇਸ ਨਾਲ ਘਰੇਲੂ ਖਰਚਾ ਕਾਫੀ ਘੱਟ ਜਾਵੇਗਾ ਅਤੇ ਲੋਕਾਂ ਨੂੰ ਜੀਵਨ ਸ਼ੈਲੀ 'ਚ ਸੁਧਾਰ ਕਰਨ 'ਚ ਮਦਦ ਮਿਲੇਗੀ | ਮੋਦੀ ਨੇ ਮੁੱਖ ਵਿਰੋਧੀ ਧਿਰ ਕਾਂਗਰਸ 'ਤੇ ਹਮਲਾ ਬੋਲਦਿਆਂ ਕਿਹਾ ਕਿ ਕਾਂਗਰਸ ਵਾਲੇ ਬੱਚਿਆਂ ਦੀਆਂ ਟੌਫੀਆਂ 'ਤੇ ਵੀ 21 ਫ਼ੀਸਦੀ ਟੈਕਸ ਲੈਂਦੇ ਸਨ ਅਤੇ ਸਾਈਕਲ 'ਤੇ ਵੀ 19 ਫ਼ੀਸਦੀ ਟੈਕਸ ਲਿਆ ਜਾਂਦਾ ਸੀ | ਪ੍ਰਧਾਨ ਮੰਤਰੀ ਨੇ ਇਸ ਨੂੰ 21ਵੀਂ ਸਦੀ ਦੀ ਜ਼ਰੂਰਤ ਮੁਤਾਬਿਕ ਚੁੱਕਿਆ ਕਦਮ ਦਸਦਿਆਂ ਕਿਹਾ ਕਿ ਇਸ ਨਾਲ ਕਈ ਚੀਜਾਂ ਨੂੰ ਟੈਕਸਾਂ ਤੋਂ ਮੁਕਤੀ ਮਿਲੇਗੀ |
ਜੀ.ਐਸ.ਟੀ. ਹੋਰ ਸੁਖਾਲਾ ਹੋ ਗਿਆ ਹੈ, ਨਵੀਆਂ ਦਰਾਂ ਨਰਾਤਿਆਂ ਦੇ ਪਹਿਲੇ ਦਿਨ ਤੋਂ ਲਾਗੂ ਹੋਣਗੀਆਂ-ਮੋਦੀ
ਅਜੀਤ ਡੈਸਕ
05-09-2025