ਨਵੀਂ ਦਿੱਲੀ, 4 ਸਤੰਬਰ (ਅਜੀਤ ਬਿਊਰੋ)-ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਅੱਜ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ (ਐਮ. ਐਸ. ਐਮ. ਈ.) ਦੇ ਸਕੱਤਰ ਅਤੇ ਸੰਯੁਕਤ ਸਕੱਤਰ ਅਤੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ (ਐਮ. ਓ. ਈ. ਐਫ.) ਦੇ ਸਕੱਤਰ ਅਤੇ ਚੇਅਰਮੈਨ ਸੀ. ਪੀ. ਸੀ. ਬੀ. ਨਾਲ ਮਹੱਤਵਪੂਰਨ ਮੀਟਿੰਗਾਂ ਕੀਤੀਆਂ ਤਾਂ ਜੋ ਸੂਬੇ ਦੇ ਉਦਯੋਗਿਕ ਵਿਕਾਸ ਅਤੇ ਵਾਤਾਵਰਣ ਸਥਿਰਤਾ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਖ ਮੁੱਦਿਆਂ 'ਤੇ ਚਰਚਾ ਕੀਤੀ ਜਾ ਸਕੇ | ਮੰਤਰੀ ਅਰੋੜਾ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.ਪੀ.ਸੀ.ਬੀ.) ਦੀ ਚੇਅਰਪਰਸਨ ਰੀਨਾ ਗੁਪਤਾ ਦੇ ਨਾਲ ਐਮ.ਐਸ.ਐਮ.ਈ. ਦੇ ਸਕੱਤਰ ਨਾਲ ਮੁਲਾਕਾਤ ਕਰਕੇ ਕੇਂਦਰੀ ਖੇਤਰ ਦੀਆਂ ਯੋਜਨਾਵਾਂ (ਸੀ.ਐਸ.ਐਸ.) ਦੇ ਲਾਗੂਕਰਨ ਅਤੇ ਪੰਜਾਬ ਲਈ ਹੋਰ ਮੌਕਿਆਂ 'ਤੇ ਚਰਚਾ ਕੀਤੀ | ਇਕ ਵੱਖਰੀ ਮੀਟਿੰਗ 'ਚ ਮੰਤਰੀ ਅਰੋੜਾ ਨੇ ਪੀ.ਪੀ.ਸੀ.ਬੀ. ਦੀ ਚੇਅਰਪਰਸਨ ਰੀਨਾ ਗੁਪਤਾ ਦੇ ਨਾਲ ਕੇਂਦਰੀ ਵਾਤਾਵਰਣ ਮੰਤਰੀ ਭੁਪੇਂਦਰ ਯਾਦਵ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੇ ਕੇਂਦਰ-ਰਾਜ ਸਹਿਯੋਗ ਰਾਹੀਂ ਵਾਤਾਵਰਣ ਅਤੇ ਉਦਯੋਗ ਦੇ ਸੰਤੁਲਿਤ ਸਹਿ-ਹੋਂਦ ਨੂੰ ਯਕੀਨੀ ਬਣਾਉਣ ਲਈ ਵੱਧ ਤੋਂ ਵੱਧ ਸਹਿਯੋਗ ਦਾ ਭਰੋਸਾ ਦਿੱਤਾ | ਮੰਤਰੀ ਅਰੋੜਾ ਨੇ ਪੀ.ਪੀ.ਸੀ.ਬੀ. ਦੀ ਚੇਅਰਪਰਸਨ ਰੀਨਾ ਗੁਪਤਾ ਦੇ ਨਾਲ ਵਾਤਾਵਰਣ ਸਕੱਤਰ ਤਨਮਯ ਕੁਮਾਰ ਅਤੇ ਚੇਅਰਮੈਨ ਸੀ.ਪੀ.ਸੀ.ਬੀ. ਵੀਰ ਵਿਕਰਮ ਯਾਦਵ ਨਾਲ ਵੀ ਮੁਲਾਕਾਤ ਕੀਤੀ ਤਾਂ ਜੋ ਪੰਜਾਬ ਦੇ ਉਦਯੋਗਾਂ ਨੂੰ ਪ੍ਰਭਾਵਿਤ ਕਰਨ ਵਾਲੇ ਵਾਤਾਵਰਣ ਸੰਬੰਧੀ ਮੁੱਦਿਆਂ 'ਤੇ ਚਰਚਾ ਕੀਤੀ ਜਾ ਸਕੇ | ਮੀਟਿੰਗ 'ਚ ਬੁੱਢੇ ਨਾਲੇ ਅਤੇ ਮੰਡੀ ਗੋਬਿੰਦਗੜ੍ਹ ਦੀਆਂ ਸਟੀਲ ਰੋਲਿੰਗ ਮਿੱਲਾਂ ਨਾਲ ਸੰਬੰਧਿਤ ਮੁੱਦਿਆਂ 'ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ, ਜਿਸ 'ਚ ਵਾਤਾਵਰਣ ਸੰਬੰਧੀ ਚਿੰਤਾਵਾਂ ਅਤੇ ਉਦਯੋਗਿਕ ਵਿਕਾਸ 'ਚ ਸੰਤੁਲਨ ਬਣਾਉਣ ਲਈ ਥੋੜ੍ਹੇ ਸਮੇਂ ਅਤੇ ਲੰਬੇ ਸਮੇਂ ਦੇ ਹੱਲ ਲੱਭਣ 'ਤੇ ਜ਼ੋਰ ਦਿੱਤਾ ਗਿਆ |
ਸੰਜੀਵ ਅਰੋੜਾ ਤੇ ਰੀਨਾ ਗੁਪਤਾ ਵਲੋਂ ਭੁਪੇਂਦਰ ਯਾਦਵ ਤੇ ਅਧਿਕਾਰੀਆਂ ਨਾਲ ਮੁਲਾਕਾਤ <br/>
ਅਜੀਤ ਡੈਸਕ
05-09-2025