ਤਰਨ ਤਾਰਨ, 23 ਸਤੰਬਰ (ਹਰਿੰਦਰ ਸਿੰਘ)-ਬੀਤੇ ਕੱਲ੍ਹ ਤਰਨ ਤਾਰਨ-ਪੱਟੀ ਰੋਡ 'ਤੇ ਪੈਂਦੇ ਪਿੰਡ ਕੈਰੋਂ ਵਿਖੇ ਦੇਰ ਸ਼ਾਮ ਫਾਰਚੂਨਰ ਸਵਾਰ ਵਿਅਕਤੀਆਂ ਵਲੋਂ ਸਕਾਰਪੀਓ ਸਵਾਰ ਨੌਜਵਾਨਾਂ 'ਤੇ ਚਲਾਈਆਂ ਅੰਨ੍ਹੇਵਾਹ ਗੋਲੀਆਂ ਕਾਰਨ ਸਕਾਰਪੀਓ ਸਵਾਰ ਇਕ ਨੌਜਵਾਨ ਦੀ ਮੌਤ ਹੋ ਗਈ ਸੀ, ਜਦੋਂਕਿ ਹੁਣ ਗੋਲੀਆਂ ਲੱਗਣ ਨਾਲ ਜ਼ਖ਼ਮੀ ਹੋਏ ਦੂਜੇ ਨੌਜਵਾਨ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ | ਤਰਨ ਤਾਰਨ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ. ਰਵਜੋਤ ਗਰੇਵਾਲ ਨੇ ਦੱਸਿਆ ਕਿ ਗੁਰਸ਼ੇਰ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਪਿੰਡ ਤੁੰਗ ਨੇ ਥਾਣਾ ਸਿਟੀ ਪੱਟੀ ਵਿਖੇ ਬਿਆਨ ਦਰਜ ਕਰਵਾਏ ਕਿ ਉਹ ਅਤੇ ਉਸ ਦੀ ਭੂਆ ਦਾ ਲੜਕਾ ਸਮਰਬੀਰ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਕਰਮੂਵਾਲਾ ਤੇ ਉਸਦਾ ਦੋਸਤ ਸੌਰਵ ਪੁੱਤਰ ਹਰਜੀਤ ਸਿੰਘ ਵਾਸੀ ਮਰਹਾਣਾ ਤੇ ਉਸ ਦੇ ਹੋਰ ਦੋਸਤ 3 ਗੱਡੀਆਂ 'ਤੇ ਸਵਾਰ ਹੋ ਕੇ ਗੁਰਦੁਆਰਾ ਟਾਹਲਾ ਸਾਹਿਬ ਮੱਥਾ ਟੇਕਣ ਲਈ ਜਾ ਰਹੇ ਸੀ | ਸ਼ਾਮ ਸਾਢੇ 5 ਵਜੇ ਜਦ ਉਹ ਪਿੰਡ ਕੈਰੋੋਂ ਰੇਲਵੇ ਫਾਟਕ ਨਜ਼ਦੀਕ ਪੁਹੰਚੇ ਤਾਂ ਉਸ ਦੀ ਭੂਆ ਦਾ ਲੜਕਾ ਸਮਰਬੀਰ ਤੇ ਉਸ ਦੇ ਦੋਸਤ ਸੌਰਵ ਅਤੇ ਜੈਜੁਝਾਰ ਸਿੰਘ ਸਪਾਰਪੀਓ ਗੱਡੀ ਵਿਚ ਸਵਾਰ ਸਨ ਤਾਂ ਇਕਦਮ ਉਨ੍ਹਾਂ ਦੀ ਗੱਡੀ ਉੱਪਰ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ ਤਾਂ ਉਨ੍ਹਾਂ ਜਦ ਗੋਲੀਆਂ ਦੀ ਅਵਾਜ਼ ਸੁਣੀ ਤਾਂ ਆਪਣੀ ਗੱਡੀ ਰੋਕ ਕੇ ਦੇਖਿਆ ਕਿ ਗੋਲੀਆਂ ਚਲਾਉਣ ਵਾਲੇ ਜਗਤਾਰ ਸਿੰਘ ਉਰਫ਼ ਜੱਗਾ ਪੱਤੂ ਪੁੱਤਰ ਲਖਵਿੰਦਰ ਸਿੰਘ ਵਾਸੀ ਖੇਮਕਰਨ, ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਬੁੱਢਾ ਸਿੰਘ ਵਾਸੀ ਠੱਕਰਪੁਰਾ ਅਤੇ ਹਰਪਾਲ ਸਿੰਘ ਪੁੱਤਰ ਸਾਹਿਬ ਸਿੰਘ ਵਾਸੀ ਗੋਇੰਦਵਾਲ ਸਾਹਿਬ ਸਨ | ਗੋਲੀਆਂ ਲੱਗਣ ਕਾਰਨ ਸਮਰਬੀਰ ਸਿੰਘ ਤੇ ਸੌਰਵਜੀਤ ਸਿੰਘ ਗੰਭੀਰ ਜ਼ਖਮੀ ਹੋ ਗਏ ਸਨ, ਜਿਸ ਦੌਰਾਨ ਦੀ ਕੱਲ੍ਹ ਸਮਰਬੀਰ ਸਿੰਘ ਦੀ ਮੌਤ ਹੋ ਗਈ ਸੀ, ਜਦੋਂਕਿ ਅੱਜ ਇਲਾਜ ਦੌਰਾਨ ਸੌਰਵਜੀਤ ਸਿੰਘ ਦੀ ਵੀ ਮੌਤ ਹੋ ਗਈ | ਐੱਸ.ਐੱਸ.ਪੀ. ਰਵਜੋਤ ਗਰੇਵਾਲ ਨੇ ਦੱਸਿਆ ਥਾਣਾ ਸਿਟੀ ਪੱਟੀ ਵਿਖੇ ਉਕਤ ਵਿਅਕਤੀਆਂ ਖ਼ਿਲਾਫ਼ ਕਤਲ ਅਤੇ ਹੋਰਨਾਂ ਧਰਾਵਾਂ ਤਹਿਤ ਮਾਮਲਾ ਦਰਜ ਕਰਨ ਤੋਂ ਬਾਅਦ ਐੱਸ.ਪੀ.(ਡੀ) ਰਿਪੁਤਾਪਨ ਸਿੰਘ, ਡੀ.ਐੱਸ.ਪੀ ਪੱਟੀ ਲਵਕੇਸ਼ ਦੀ ਨਿਗਰਾਨੀ ਹੇਠ ਵੱਖ-ਵੱਖ ਟੀਮਾਂ ਬਣਾਕੇ ਮੁਲਾਜ਼ਮਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਗਈ, ਜਿਸ ਤਹਿਤ ਹਥਿਆਰ ਸਪਲਾਈ ਕਰਨ ਵਾਲੇ ਅਤੇ ਪਨਾਹ ਦੇਣ ਵਾਲੇ 4 ਮੁਲਜ਼ਮ ਜੁਗਰਾਜ ਸਿੰਘ ਪੁੱਤਰ ਜੱਸਾ ਸਿੰਘ ਵਾਸੀ ਖੇਮਕਰਨ, ਦਲੇਰ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਵਾਰਡ ਨੰਬਰ 3 ਖੇਮਕਰਨ, ਸੋਨਾ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਭਾਈ ਲੱਧੂ ਅਤੇ ਸਲਵਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਸਕੱਤਰਾ ਨੂੰ ਥਾਣਾ ਸਿਟੀ ਪੱਟੀ ਦੇ ਮੁਖੀ ਇੰਸਪੈਕਟਰ ਕੰਵਲਜੀਤ ਰਾਏ ਦੇ ਅਧਾਰਿਤ ਪੁਲਿਸ ਟੀਮ ਨੇ ਗਿ੍ਫ਼ਤਾਰ ਕਰ ਲਿਆ | ਐੱਸ.ਐ ਸ.ਪੀ. ਰਵਜੋਤ ਗਰੇਵਾਲ ਨੇ ਦੱਸਿਆ ਕਿ ਮੁਲਜਮਾਂ ਪਾਸੋਂ ਪੁੱਛਗਿੱਛ ਦੌਰਾਨ ਇਹ ਪਤਾ ਲੱਗਾ ਕਿ ਜੁਗਰਾਜ ਸਿੰਘ ਅਤੇ ਦਲੇਰ ਸਿੰਘ ਜੋ ਕਿ ਵਾਰਦਾਤ ਕਰਨ ਲਈ ਮਾੜੇ ਅਨਸਰਾਂ ਨੂੰ ਹਥਿਆਰ ਸਪਲਾਈ ਕਰਦੇ ਸਨ, ਉਥੇ ਸੋਨਾ ਸਿੰਘ ਅਤੇ ਸਲਵਿੰਦਰ ਸਿੰਘ ਮਾੜੇ ਅਨਸਰਾਂ ਨੂੰ ਆਪਣੇ ਟਿਕਾਣਿਆਂ 'ਤੇ ਪਨਾਹ ਦਿੰਦੇ ਸਨ | ਪੁੱਛਗਿੱਛ ਦੌਰਾਨ ਇਹ ਵੀ ਪਤਾ ਚੱਲਿਆ ਹੈ ਕਿ ਇਨ੍ਹਾਂ ਆਪਸੀ ਪੁਰਾਣੀ ਨਿੱਜੀ ਰੰਜਿਸ਼ ਸੀ ਅਤੇ ਅਕਸਰ ਹੀ ਇਨ੍ਹਾਂ ਦਾ ਲੜਾਈ-ਝਗੜਾ ਚੱਲਦਾ ਰਹਿੰਦਾ ਸੀ | ਉਨ੍ਹਾਂ ਕਿਹਾ ਕਿ ਮਾਮਲੇ ਵਿਚ ਨਾਮਜ਼ਦ ਵਿਚ ਫਰਾਰ ਮੁਲਾਜ਼ਮਾਂ ਜਗਤਾਰ ਸਿੰਘ, ਗੁਰਪ੍ਰੀਤ ਸਿੰਘ, ਹਰਪਾਲ ਸਿੰਘ ਨੂੰ ਵੀ ਜਲਦ ਗਿ੍ਫ਼ਤਾਰ ਕਰ ਲਿਆ ਜਾਵੇਗਾ | ਇਸ ਮੌਕੇ ਐੱਸ.ਪੀ. (ਡੀ.) ਰਿਪੁਤਾਪਨ, ਥਾਣਾ ਮੁਖੀ ਪੱਟੀ ਕੰਵਲਜੀਤ ਸਿੰਘ ਰਾਏ ਤੇ ਹੋਰ ਪੁਲਿਸ ਮੁਲਾਜ਼ਮ ਵੀ ਮੌਜੂਦ ਸਨ |
ਕੈਰੋਂ ਗੋਲੀ ਕਾਂਡ 'ਚ ਜ਼ਖ਼ਮੀ ਹੋਏ ਦੂਜੇ ਨੌਜਵਾਨ ਦੀ ਵੀ ਮੌਤ-4 ਗਿ੍ਫ਼ਤਾਰ <br/>
ਅਜੀਤ ਡੈਸਕ
24-09-2025