ਖੰਨਾ, 24 ਸਤੰਬਰ (ਹਰਜਿੰਦਰ ਸਿੰਘ ਲਾਲ)-ਅਸਲੀ ਪੁਲਿਸ ਅਧਿਕਾਰੀਆਂ ਵਲੋਂ ਕੀਤੀ ਜਾਅਲੀ ਛਾਪੇਮਾਰੀ ਦਾ ਇਕ ਵੱਡਾ ਮਾਮਲਾ ਚਰਚਾ ਵਿਚ ਹੈ | ਇਕ ਏ. ਐਸ. ਆਈ, ਇਕ ਹੈੱਡ ਕਾਂਸਟੇਬਲ ਅਤੇ ਇਕ ਰਾਜਨੀਤਿਕ ਨੇਤਾ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਨੋਇਡਾ ਦੇ ਇਕ ਕਾਲ ਸੈਂਟਰ 'ਤੇ ਜਾਅਲੀ ਛਾਪੇਮਾਰੀ ਕੀਤੀ, ਜਿਸ ਵਿਚ ਇਕ ਵਿਅਕਤੀ ਡੀ. ਆਈ. ਜੀ. ਬਣਿਆ | ਏ. ਐਸ. ਆਈ ਨੇ ਖ਼ੁਦ ਐਸ. ਪੀ. ਦੱਸਿਆ ਅਤੇ ਹੈੱਡ ਕਾਂਸਟੇਬਲ ਡੀ. ਐਸ. ਪੀ ਵਜੋਂ ਪੇਸ਼ ਆਇਆ | ਉਨ੍ਹਾਂ ਨੇ ਗੁਜਰਾਤ ਅਤੇ ਅਹਿਮਦਾਬਾਦ ਦੇ ਤਿੰਨ ਕਾਰੋਬਾਰੀਆਂ ਨੂੰ ਅਗਵਾ ਕਰ ਲਿਆ ਅਤੇ ਉਨ੍ਹਾਂ ਨੂੰ ਪੰਜਾਬ ਲਿਆਂਦਾ | ਬਾਅਦ ਵਿਚ ਛੱਡਣ ਲਈ 'ਤੇ 10 ਕਰੋੜ ਰੁਪਏ ਦੀ ਮੰਗ ਕੀਤੀ | ਜਦੋਂ ਉਨ੍ਹਾਂ ਦੀ ਮੰਗ ਪੂਰੀ ਨਾ ਹੋਈ ਤਾਂ ਉਹ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰਨ ਲਈ ਪੁਲਿਸ ਥਾਣੇ ਲੈ ਗਏ | ਖੰਨਾ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਸਬ-ਇੰਸਪੈਕਟਰ ਨਰਪਿੰਦਰ ਪਾਲ ਸਿੰਘ ਨੇ ਦੱਸਿਆ ਕਿ ਮੈਂ 16 ਸਤੰਬਰ ਨੂੰ ਸ਼ਾਮ 7 ਵਜੇ ਜਦੋਂ ਮੈਂ ਪੁਲਿਸ ਥਾਣੇ ਪਹੁੰਚਿਆ ਤਾਂ ਦੇਖਿਆ ਕਿ ਪੁਲਿਸ ਥਾਣੇ ਦੀ ਰਸੋਈ ਵਿਚ ਏ. ਐਸ. ਆਈ ਕੁਲਦੀਪ ਸਿੰਘ, ਬਲਵਿੰਦਰ ਸਿੰਘ ਆਦਿ ਤਿੰਨ ਨਿੱਜੀ ਵਿਅਕਤੀਆਂ ਦੇ ਨਾਲ ਮੌਜੂਦ ਸਨ, ਜਿਨ੍ਹਾਂ ਵਿਚ ਕਰਨਦੀਪ ਸਿੰਘ ਵਾਸੀ ਨਿਊ ਜਨਤਾ ਨਗਰ, ਗਗਨਦੀਪ ਸਿੰਘ ਉਰਫ਼ ਗਗਨ ਉਰਫ਼ ਐਪਲ, ਵਾਸੀ ਜੁਝਾਰ ਨਗਰ, ਲੁਧਿਆਣਾ ਅਤੇ ਮਨੀ, ਨਿਵਾਸੀ ਗਿਆਸਪੁਰਾ ਤੋਂ ਇਲਾਵਾ ਤਿੰਨ ਹੋਰ ਵਿਅਕਤੀ ਤਰੁਣ ਅਗਰਵਾਲ ਵਾਸੀ ਅਹਿਮਦਾਬਾਦ (ਗੁਜਰਾਤ), ਹੇਰਾਤ ਸ਼ਾਹ ਵਾਸੀ ਅਹਿਮਦਾਬਾਦ ਅਤੇ ਤਾਮਿਲਨਾਡੂ ਵਾਸੀ ਥੁਰਾਈ ਰਾਜ ਵੀ ਮੌਜੂਦ ਸਨ | ਐਸ. ਆਈ. ਦੇ ਅਨੁਸਾਰ, ਜਦੋਂ ਘਟਨਾ ਬਾਰੇ ਪੁੱਛਿਆ ਗਿਆ ਤਾਂ ਹੈੱਡ ਕਾਂਸਟੇਬਲ ਬਲਵਿੰਦਰ ਸਿੰਘ ਨੇ ਕਿਹਾ ਕਿ ਇਹ ਤਿੰਨੋਂ ਵਿਅਕਤੀ ਸਾਈਬਰ ਧੋਖਾਧੜੀ ਕਰਦੇ ਹਨ | ਐਸ. ਆਈ ਨਰਪਿੰਦਰ ਪਾਲ ਸਿੰਘ ਨੇ ਅੱਗੇ ਦੱਸਿਆ ਕਿ ਤਰੁਣ ਅਗਰਵਾਲ ਨੇ ਪੁੱਛਗਿੱਛ ਦੌਰਾਨ ਕਿਹਾ ਕਿ ਮੇਰੇ ਸਾਥੀ, ਹੇਰਾਤ ਸ਼ਾਹ ਅਤੇ ਥੁਰਾਈ ਰਾਜ 15 ਸਤੰਬਰ ਨੂੰ ਰਾਤ 10 ਵਜੇ ਨੋਇਡਾ ਵਿਚ ਆਪਣੇ ਦਫ਼ਤਰ ਵਿਚ ਕੰਮ ਕਰ ਰਹੇ ਸੀ | ਉਸੇ ਵੇਲੇ ਚਾਰ ਆਦਮੀ ਆਏ ਬਲਵਿੰਦਰ ਸਿੰਘ ਨੇ ਆਪਣੀ ਪਛਾਣ ਪੁਲਿਸ ਸੁਪਰਡੈਂਟ, ਗਗਨਦੀਪ ਸਿੰਘ ਨੇ ਆਪਣੀ ਪਛਾਣ ਡੀ. ਐਸ. ਪੀ. ਵਜੋਂ ਅਤੇ ਕਰਨਦੀਪ ਸਿੰਘ ਨੇ ਗੰਨਮੈਨ ਵਜੋਂ ਕਰਵਾਈ, ਜਦੋਂਕਿ ਖ਼ਾਕੀ ਵਰਦੀ ਵਿਚ ਇਕ ਹੋਰ ਆਦਮੀ ਵੀ ਸੀ | ਉਨ੍ਹਾਂ ਨੇ ਰਿਹਾਈ ਲਈ 10 ਕਰੋੜ ਰੁਪਏ ਦੀ ਮੰਗ ਕੀਤੀ | ਇਸ ਦੌਰਾਨ ਇਕ ਨਕਲੀ ਡੀ. ਆਈ. ਜੀ. ਆਇਆ, ਜਦੋਂ ਅਸੀਂ ਕਿਹਾ ਕਿ ਸਾਡੇ ਕੋਲ ਪੈਸੇ ਨਹੀਂ ਹਨ ਤਾਂ ਸਾਨੂੰ ਵਾਰ-ਵਾਰ ਧਮਕੀਆਂ ਦਿੱਤੀਆਂ ਗਈਆਂ ਅਤੇ ਵਟਸਐਪ ਕਾਲਾਂ ਰਾਹੀਂ ਆਪਣੇ ਪਰਿਵਾਰ ਤੋਂ 2 ਕਰੋੜ ਰੁਪਏ ਦੀ ਮੰਗ ਵੀ ਕੀਤੀ | ਪੁਲਿਸ ਨੇ ਇਸ ਮਾਮਲੇ ਵਿਚ ਕੇਸ ਦਰਜ ਕੀਤਾ ਹੈ | ਖੰਨਾ ਦੇ ਐਸ. ਐਸ. ਪੀ. ਡਾ. ਜਯੋਤੀ ਯਾਦਵ ਬੈਂਸ ਨੇ ਕਿਹਾ ਕਿ ਇਕ ਦੋਸ਼ੀ ਕਾਬੂ ਕਰ ਲਿਆ ਗਿਆ ਹੈ ਅਤੇ ਬਾਕੀਆਂ ਦੀ ਭਾਲ ਜਾਰੀ ਹੈ |