ਪਟਿਆਲਾ, 3 ਨਵੰਬਰ (ਗੁਰਪ੍ਰੀਤ ਸਿੰਘ ਚੱਠਾ)-ਪੰਜਾਬ ਵਿਚ ਹੜ੍ਹਾਂ ਦੀ ਮਾਰ ਨਾਲ ਝੰਬੇ ਕਿਸਾਨਾਂ ਦੀ ਸਹਾਇਤਾ ਦੇ ਤੌਰ 'ਤੇ ਪੰਜਾਬ ਸਰਕਾਰ ਨੇ ਜੋ ਮੁਫ਼ਤ ਕਣਕ ਦਾ ਬੀਜ ਦੇਣ ਦਾ ਵਾਅਦਾ ਕੀਤਾ ਸੀ ਉਹ 50 ਫ਼ੀਸਦੀ ਬਿਜਾਈ ਉਪਰੰਤ ਵੀ ਵਫ਼ਾ ਨਹੀਂ ਹੋ ਸਕਿਆ | ਇਸ ਵਿਚ ਕਈ ਕਿਸਾਨ ਅਜਿਹੇ ਹਨ ਜਿਨ੍ਹਾਂ ਨੇ ਸੌ ਫ਼ੀਸਦੀ ਬਿਜਾਈ ਕਰ ਲਈ ਹੈ | ਹੜ੍ਹਾਂ ਦੀ ਮਾਰ ਨਾਲ ਖਾਲੀ ਹੋਏ ਗਿੱਜਿਆਂ ਵਾਲੇ ਕਿਸਾਨਾਂ ਵਲੋਂ ਇੱਧਰੋਂ-ਉਧਰੋਂ ਮੰਗ ਕੇ ਕਣਕ ਦੀ ਅਗਲੀ ਫ਼ਸਲ ਬੀਜਣ ਲਈ ਬੀਜ ਦਾ ਜੁਗਾੜ ਕੀਤਾ ਜਾ ਰਿਹਾ ਹੈ | ਇਨ੍ਹਾਂ ਹਾਲਾਤ 'ਚ ਸੂਬਾ ਸਰਕਾਰ ਵਲੋਂ ਮੁਫ਼ਤ ਬੀਜ ਦੇਣ ਦਾ ਜੋ ਟੀਚਾ ਮਿਥਿਆ ਗਿਆ ਸੀ ਉਸ 'ਚੋਂ ਮਹਿਜ਼ 20 ਤੋਂ 25 ਫ਼ੀਸਦੀ ਕਿਸਾਨਾਂ ਨੂੰ ਹੀ ਮੁਫ਼ਤ ਵਾਲਾ ਬੀਜ ਮੁਹੱਈਆ ਹੋਇਆ ਹੈ | ਪੰਜਾਬ 'ਚ ਆਏ ਹੜ੍ਹਾਂ ਕਾਰਨ ਕਈ ਪ੍ਰਭਾਵਿਤ ਜ਼ਿਲਿ੍ਹਆਂ ਦੇ ਕਿਸਾਨਾਂ ਨੂੰ ਔਖੀ ਘੜੀ ਵਿਚ ਬਾਂਹ ਫੜਨ ਲਈ ਸੂਬਾ ਸਰਕਾਰ ਵਲੋਂ ਲਗਭਗ 5 ਏਕੜ ਵਾਲੇ ਕਿਸਾਨਾਂ ਨੂੰ ਖ਼ਰਾਬੇ ਦੀ ਫ਼ੀਸਦੀ ਦੇ ਹਿਸਾਬ ਨਾਲ ਬੀਜ ਦੇਣਾ ਸੀ | ਇਸ 'ਚ ਵੱਧ ਤੋਂ ਵੱਧ ਦੋ ਹੈਕਟੇਅਰ 'ਤੇ 2 ਕੁਇੰਟਲ ਮੁਫ਼ਤ ਬੀਜ ਦੇਣਾ ਹੈ | ਸਰਕਾਰ ਵਲੋਂ ਖੇਤੀਬਾੜੀ ਵਿਭਾਗ ਰਾਹੀਂ ਅੰਕੜੇ ਇਕੱਤਰ ਕਰਕੇ ਲਗਭਗ 1 ਲੱਖ 85 ਹਜ਼ਾਰ ਕੁਇੰਟਲ ਬੀਜ ਸਾਰੇ ਪੰਜਾਬ 'ਚ ਪ੍ਰਭਾਵਿਤ ਕਿਸਾਨਾਂ ਨੂੰ ਵੰਡਣਾ ਹੈ | ਜਿਸ ਵਿਚੋਂ ਹੁਣ ਤੱਕ ਸਿਰਫ 40 ਹਜ਼ਾਰ ਕੁਇੰਟਲ ਬੀਜ ਹੀ ਕਿਸਾਨਾਂ ਤੱਕ ਪਹੁੰਚ ਸਕਿਆ ਹੈ | ਪਨਸੀਡ ਰਾਹੀਂ ਆਏ ਇਸ ਬੀਜ ਦੀ ਵੰਡ ਖੇਤੀਬਾੜੀ ਵਿਭਾਗ ਦੇ ਬਲਾਕ ਦਫ਼ਤਰ ਦੀ ਅੰਤਿਮ ਇਕਾਈ ਤੋਂ ਅੱਗੇ ਕਿਸਾਨਾਂ ਨੂੰ ਕੀਤੀ ਜਾ ਰਹੀ ਹੈ | ਇਸ ਸੰਬੰਧੀ ਫ਼ੋਨ 'ਤੇ ਅੰਕੜਿਆਂ ਦੀ ਪੁਸ਼ਟੀ ਕਰਦਿਆਂ ਪਨਸੀਡ ਦੇ ਐਮ.ਡੀ. ਕਰਨਜੀਤ ਸਿੰਘ ਨੇ ਆਖਿਆ ਕਿ ਉਨ੍ਹਾਂ ਕੋਲ ਬੀਜ ਦੀ ਕੋਈ ਘਾਟ ਨਹੀਂ ਹੈ ਪਰ ਵੰਡ ਦੀ ਪ੍ਰਕਿਰਿਆ ਲੰਮੀ ਹੋਣ ਕਾਰਨ ਕਿਸਾਨਾਂ ਤੱਕ ਬੀਜ ਘੱਟ ਪਹੁੰਚਿਆਂ ਹੈ ਪਰ ਉਨ੍ਹਾਂ ਵਲੋਂ ਹੁਣ ਦਿਨ-ਰਾਤ ਇਕ ਕਰਕੇ ਬਲਾਕਾਂ ਰਾਹੀਂ ਕਿਸਾਨਾਂ ਤੱਕ ਜਲਦ ਬੀਜ ਪਹੁੰਚਾਉਣ ਲਈ ਵਿਸ਼ੇਸ਼ ਉਪਰਾਲੇ ਕੀਤਾ ਜਾ ਰਹੇ ਹਨ |
ਹੜ੍ਹਾਂ ਨਾਲ ਝੰਬੇ 80 ਫ਼ੀਸਦੀ ਕਿਸਾਨਾਂ ਦੀ ਝੋਲੀ 'ਚ ਨਹੀਂ ਪਿਆ ਮੁਫ਼ਤ ਦਾ ਕਣਕ ਦਾ ਬੀਜ <br/>
ਅਜੀਤ ਡੈਸਕ
04-11-2025