ਚੰਡੀਗੜ੍ਹ, 21 ਨਵੰਬਰ (ਸੰਦੀਪ ਕੁਮਾਰ ਮਾਹਨਾ)-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਐਡਵੋਕੇਟ ਜਨਰਲ ਮਨਿੰਦਰਜੀਤ ਸਿੰਘ ਬੇਦੀ ਨੂੰ ਸੀਨੀਅਰ ਵਕੀਲ ਵਜੋਂ ਨਾਮਜ਼ਦ ਕੀਤਾ ਹੈ | ਅੱਜ ਜਾਰੀ ਕੀਤੇ ਗਏ ਇਕ ਨੋਟੀਫ਼ਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਐਡਵੋਕੇਟ ਐਕਟ, 1961 ਦੀ ਧਾਰਾ 16 (2) ਅਧੀਨ ਹਾਸਲ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ, ਹਾਈ ਕੋਰਟ ਨੇ ਬੇਦੀ ਨੂੰ ਸੀਨੀਅਰ ਵਕੀਲ ਦਾ ਦਰਜਾ ਦਿੱਤਾ ਹੈ | ਇਹ ਅਹੁਦਾ ਨੋਟੀਫ਼ਿਕੇਸ਼ਨ ਜਾਰੀ ਹੋਣ ਦੀ ਮਿਤੀ ਤੋਂ ਲਾਗੂ ਹੋਵੇਗਾ | ਮਨਿੰਦਰਜੀਤ ਸਿੰਘ ਬੇਦੀ ਬਠਿੰਡਾ ਜ਼ਿਲ੍ਹੇ ਦੇ ਫੂਲ ਸ਼ਹਿਰ ਦੇ ਰਹਿਣ ਵਾਲੇ ਹਨ | ਉਨ੍ਹਾਂ ਨੇ 2005 ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਕਾਨੂੰਨ ਦੀ ਡਿਗਰੀ ਹਾਸਲ ਕੀਤੀ ਹੈ | ਬੇਦੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਰਾਮਪੁਰਾ ਫੂਲ ਤੋਂ ਕੀਤੀ | 2009 'ਚ ਉਨ੍ਹਾਂ ਨੇ ਚੰਡੀਗੜ੍ਹ ਵਿਖੇ ਪ੍ਰੈਕਟਿਸ ਸ਼ੁਰੂ ਕੀਤੀ ਅਤੇ ਸੰਵਿਧਾਨਕ, ਸਿਵਲ, ਅਪਰਾਧਿਕ, ਸੇਵਾ, ਮਾਲੀਆ ਅਤੇ ਕਾਰਪੋਰੇਟ ਮਾਮਲਿਆਂ ਸਮੇਤ ਕਈ ਮਹੱਤਵਪੂਰਨ ਖੇਤਰਾਂ ਵਿਚ ਕੰਮ ਕੀਤਾ | ਮਾਰਚ 2025 ਵਿਚ, ਉਨ੍ਹਾਂ ਨੂੰ ਪੰਜਾਬ ਦਾ ਐਡਵੋਕੇਟ ਜਨਰਲ ਨਿਯੁਕਤ ਕੀਤਾ ਗਿਆ |