ਬਟਾਲਾ, 22 ਨਵੰਬਰ (ਸਤਿੰਦਰ ਸਿੰਘ)-ਵਿਜੀਲੈਂਸ ਨੇ ਸਰਕਾਰੀ ਰਿਹਾਇਸ਼ 'ਤੇ ਛਾਪੇਮਾਰੀ ਉਪਰੰਤ ਨਗਰ ਨਿਗਮ ਬਟਾਲਾ ਦੇ ਕਮਿਸ਼ਨਰ-ਕਮ-ਐਸ. ਡੀ. ਐਮ. ਵਿਕਰਮਜੀਤ ਸਿੰਘ ਪਾਂਥੇ ਨੂੰ ਗਿ੍ਫਤਾਰ ਕੀਤਾ ਹੈ | ਛਾਪੇਮਾਰੀ ਦੌਰਾਨ ਵਿਜੀਲੈਂਸ ਟੀਮ ਵਲੋਂ 14 ਲੱਖ ਰੁਪਏ ਦੀ ਬੇਹਿਸਾਬੀ ਰਕਮ ਬਰਾਮਦ ਕੀਤੀ ਗਈ | ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਅਮਰਪਾਲ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਬੀਕੋ ਕੰਪਲੈਕਸ ਬਟਾਲਾ (ਗੁਰਦਾਸਪੁਰ) ਨੇ ਦੱਸਿਆ ਕਿ ਉਸ ਨੇ ਨਗਰ ਨਿਗਮ ਬਟਾਲਾ ਵਿਖੇ ਸੜਕਾਂ ਦਾ ਪੈਚ ਵਰਕ ਤੇ ਮੁਰੰਮਤ ਦਾ ਕੰਮ ਕੀਤਾ ਸੀ, ਜਿਸ ਦੇ 1,87,483 ਰੁਪਏ ਤੇ 1,85,369 ਰੁਪਏ (ਕੁੱਲ ਰਕਮ 3,72,852 ਰੁਪਏ) ਦੇ 2 ਬਿੱਲ ਤਿਆਰ ਕੀਤੇ ਗਏ ਸਨ, ਜਿਸ ਲਈ ਜਦੋਂ ਉਹ ਨਗਰ ਨਿਗਮ ਬਟਾਲਾ ਜਾ ਕੇ ਕਮਿਸ਼ਨਰ ਨੂੰ ਮਿਲਿਆ, ਜਿਸ ਨੇ ਉਸ ਨੂੰ ਦੱਸਿਆ ਕਿ ਉਕਤ ਭੁਗਤਾਨ ਪ੍ਰਾਪਤ ਕਰਨ ਲਈ ਉਸ ਨੂੰ ਬਿੱਲਾਂ ਦਾ 10 ਫ਼ੀਸਦੀ ਯਾਨੀ 37000 ਰੁਪਏ ਰਿਸ਼ਵਤ ਵਜੋਂ ਦੇਣੇ ਪੈਣਗੇ ਤੇ ਇਸ ਸਬੰਧ 'ਚ ਉਸ ਨੂੰ ਐਸ.ਡੀ.ਓ. ਰੋਹਿਤ ਉੱਪਲ ਨੂੰ ਮਿਲਣਾ ਚਾਹੀਦਾ ਹੈ | ਬਾਅਦ 'ਚ ਉਸ ਨੇ ਬਟਾਲਾ 'ਚ ਇਕ ਲਾਈਟ ਐਂਡ ਸਾਊਾਡ ਸ਼ੋਅ ਲਈ ਕੈਮਰਾ ਤੇ ਹੋਰ ਸਬੰਧਤ ਕੰਮ ਵੀ ਕੀਤਾ, ਜਿਸ ਲਈ 1,81,543 ਰੁਪਏ ਦੀ ਰਕਮ ਬਕਾਇਆ ਸੀ | ਇਸ ਤਰ੍ਹਾਂ ਕੁੱਲ ਰਕਮ ਲਗਭਗ 5,54,395 ਰੁਪਏ ਬਕਾਇਆ ਸੀ | ਉਕਤ ਭੁਗਤਾਨ ਸਬੰਧੀ ਜਦੋਂ ਉਹ ਐਸ.ਡੀ.ਓ. ਰੋਹਿਤ ਉੱਪਲ ਨੂੰ ਮਿਲਿਆ ਤਾਂ ਉਸ ਨੇ ਕਿਹਾ ਕਿ ਕਮਿਸ਼ਨਰ ਦੇ ਹੁਕਮਾਂ ਦੀ ਪਾਲਣਾ ਕਰਨੀ ਪਵੇਗੀ | ਕਮਿਸ਼ਨਰ ਨਗਰ ਨਿਗਮ ਬਟਾਲਾ ਨੂੰ ਮਿਲਣ 'ਤੇ ਉਹ ਬਣਦੀ ਰਕਮ ਜਾਰੀ ਕਰਨ ਲਈ 9 ਫ਼ੀਸਦੀ ਰਿਸ਼ਵਤ ਲੈਣ ਲਈ ਸਹਿਮਤ ਹੋ ਗਿਆ | ਸ਼ਿਕਾਇਤਕਰਤਾ ਰਿਸ਼ਵਤ ਦੇ ਕੇ ਆਪਣਾ ਕੰਮ ਨਹੀਂ ਕਰਵਾਉਣਾ ਚਾਹੁੰਦਾ ਸੀ, ਇਸ ਲਈ ਉਹ ਵਿਜੀਲੈਂਸ ਬਿਊਰੋ ਯੂਨਿਟ ਗੁਰਦਾਸਪੁਰ ਦੇ ਦਫ਼ਤਰ 'ਚ ਹਾਜ਼ਰ ਹੋਇਆ ਤੇ ਰਿਸ਼ਵਤ ਵਜੋਂ ਵਰਤੇ ਜਾਣ ਵਾਲੇ 50,000 ਰੁਪਏ ਪੇਸ਼ ਕੀਤੇ ਤੇ ਵਿਜੀਲੈਂਸ ਬਿਊਰੋ ਯੂਨਿਟ ਗੁਰਦਾਸਪੁਰ ਵਿਖੇ ਆਪਣਾ ਬਿਆਨ ਦਰਜ ਕਰਵਾਇਆ | ਇਸ ਤੋਂ ਬਾਅਦ ਨਗਰ ਨਿਗਮ ਬਟਾਲਾ ਦੇ ਕਮਿਸ਼ਨਰ ਵਿਰੁੱਧ ਉਕਤ ਮਾਮਲੇ ਦੀ ਐਫ.ਆਈ.ਆਰ. ਦਰਜ ਕੀਤੀ ਗਈ | ਵਿਜੀਲੈਂਸ ਅਨੁਸਾਰ ਕਮਿਸ਼ਨਰ ਵਿਕਰਮਜੀਤ ਸਿੰਘ ਪਾਂਥੇ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ 'ਚ ਜਾਂਚ ਅਧਿਕਾਰੀ ਨੇ 50000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗਿ੍ਫ਼ਤਾਰ ਕਰ ਲਿਆ | ਹੋਰ ਤਲਾਸ਼ੀ ਲੈਣ 'ਤੇ 13 ਲੱਖ 50,000 ਰੁਪਏ ਦੀ ਬੇਹਿਸਾਬੀ ਰਕਮ ਵੀ ਬਰਾਮਦ ਕੀਤੀ ਗਈ | ਕੇਸ ਦੀ ਜਾਂਚ ਚੱਲ ਰਹੀ ਹੈ ਤੇ ਕਮਿਸ਼ਨਰ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ |