ਅੰਮਿ੍ਤਸਰ, 6 ਦਸੰਬਰ (ਗਗਨਦੀਪ ਸ਼ਰਮਾ)-'ਇੰਡੀਗੋ ਏਅਰਲਾਈਨਜ਼' ਉਡਾਣਾਂ ਨਾ ਚੱਲਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਰੇਲਵੇ ਵਲੋਂ ਯਾਤਰੀਆਂ ਦੀ ਸਹੂਲਤ ਦੇ ਮੱਦੇਨਜ਼ਰ (12030/29) ਅੰਮਿ੍ਤਸਰ-ਨਵੀਂ ਦਿੱਲੀ ਸਵਰਣਾ ਸ਼ਤਾਬਦੀ ਐਕਸਪ੍ਰੈੱਸ ਦੇ ਨਾਲ 2 ਵਾਧੂ ਸੀ. ਸੀ. ਕੋਚ ਲਗਾਉਣ ਦਾ ਫ਼ੈਸਲਾ ਲਿਆ ਗਿਆ ਹੈ, ਜੋ ਕਿ 8 ਦਸੰਬਰ ਤੱਕ ਲਾਗੂ ਰਹੇਗਾ | ਜ਼ਿਕਰਯੋਗ ਹੈ ਕਿ (12029) ਨਵੀਂ ਦਿੱਲੀ-ਅੰਮਿ੍ਤਸਰ ਐਕਸਪ੍ਰੈੱਸ, ਨਵੀਂ ਦਿੱਲੀ ਤੋਂ ਸਵੇਰੇ 07.20 ਵਜੇ ਚੱਲ ਕੇ ਦੁਪਹਿਰ 13.30 ਵਜੇ ਅੰਮਿ੍ਤਸਰ ਪਹੁੰਚਦੀ ਹੈ | ਇਸੇ ਪ੍ਰਕਾਰ (12030) ਅੰਮਿ੍ਤਸਰ-ਨਵੀਂ ਦਿੱਲੀ ਸ਼ਤਾਬਦੀ ਐਕਸਪ੍ਰੈੱਸ ਅੰਮਿ੍ਤਸਰ ਤੋਂ ਨਿਰਧਾਰਿਤ ਸਮੇਂ ਸ਼ਾਮ 16.50 ਵਜੇ ਚੱਲ ਕੇ ਰਾਤ 22.50 ਵਜੇ ਨਵੀਂ ਦਿੱਲੀ ਪਹੁੰਚਦੀ ਹੈ | ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ 'ਇੰਡੀਗੋ ਏਅਰਲਾਈਨਜ਼' ਦੀਆਂ ਉਡਾਣਾਂ ਨਾ ਚੱਲਣ ਦੀ ਸੂਰਤ 'ਚ ਨਵੀਂ ਦਿੱਲੀ ਅਤੇ ਅੰਮਿ੍ਤਸਰ ਆਉਣ-ਜਾਣ ਲਈ ਬਹੁਤ ਸਾਰੇ ਲੋਕਾਂ ਨੇ ਰੇਲਵੇ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ | ਅਜਿਹੇ 'ਚ ਇਸ ਰਸਤੇ ਭਾਰਤ ਐਕਸਪ੍ਰੈੱਸ ਤੇ ਸ਼ਤਾਬਦੀ ਐਕਸਪ੍ਰੈੱਸ ਆਦਿ ਤੇਜ਼ ਰਫਤਾਰ ਚੱਲਣ ਵਾਲੀ ਰੇਲ ਗੱਡੀਆਂ 'ਚ ਟਿਕਟ ਬੁਕਿੰਗ ਕਰਵਾਉਣੀ ਸ਼ੁਰੂ ਕਰ ਦਿੱਤੀ | ਨਤੀਜਨ, ਇਨ੍ਹਾਂ ਗੱਡੀਆਂ 'ਚ ਉਡੀਕ ਸੂਚੀ ਵੱਧ ਗਈ, ਜਿਸ ਨੂੰ ਧਿਆਨ ਵਿਚ ਰਖਦਿਆਂ ਰੇਲਵੇ ਵਲੋਂ (12030/29) ਅੰਮਿ੍ਤਸਰ-ਨਵੀਂ ਦਿੱਲੀ ਸਵਰਣਾ ਸ਼ਤਾਬਦੀ ਐਕਸਪ੍ਰੈੱਸ ਦੇ ਨਾਲ 2 ਵਾਧੂ ਕੋਚ ਲਗਾਏ ਗਏ ਹਨ | ਹਰੇਕ ਕੋਚ 'ਚ 78 ਸੀਟਾਂ ਹੁੰਦੀਆਂ ਹਨ, ਇਸ ਪ੍ਰਕਾਰ ਇਨ੍ਹਾਂ ਦੋ ਕੋਚਾਂ ਦੇ ਲੱਗਣ ਨਾਲ ਕੁੱਲ 156 ਯਾਤਰੀਆਂ ਦੀ ਵੇਟਿੰਗ ਲਿਸਟ ਕਲੀਅਰ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ | ਮਿਲੀ ਜਾਣਕਾਰੀ ਦੇ ਅਨੁਸਾਰ ਆਮ ਦਿਨਾਂ 'ਚ ਉਕਤ ਰੇਲ ਗੱਡੀ ਦੇ ਨਾਲ 17 ਕੋਚ ਲਗਾਏ ਜਾਂਦੇ ਹਨ, ਜਦੋਂਕਿ ਉਕਤ ਫੈਸਲੇ ਦੇ ਅਨੁਸਾਰ ਇਹ ਰੇਲ ਗੱਡੀ 8 ਦਸੰਬਰ ਤੱਕ 19 ਕੋਚਾਂ ਨਾਲ ਰਵਾਨਾ ਹੋਵੇਗੀ | ਦੱਸਿਆ ਜਾ ਰਿਹਾ ਹੈ ਕਿ ਭਾਰਤੀ ਰੇਲਵੇ ਵਲੋਂ ਉਡਾਣਾਂ ਰੱਦ ਹੋਣ ਕਾਰਨ ਯਾਤਰਾ ਵਿਚ ਆਉਣ ਵਾਲੀਆਂ ਰੁਕਾਵਟਾਂ ਨੂੰ ਘੱਟ ਕਰਨ ਲਈ ਵੱਖ-ਵੱਖ ਡਿਵੀਜ਼ਨਾਂ ਦੀਆਂ 37 ਰੇਲ ਗੱਡੀਆਂ 'ਚ 116 ਵਾਧੂ ਕੋਚ ਲਗਾਏ ਗਏ ਹਨ |
'ਇੰਡੀਗੋ ਏਅਰਲਾਈਨਜ਼' ਦੀਆਂ ਉਡਾਣਾਂ ਨਾ ਚੱਲਣ ਦਾ ਮਾਮਲਾ ਅੰਮਿ੍ਤਸਰ-ਨਵੀਂ ਦਿੱਲੀ ਸਵਰਣਾ ਸ਼ਤਾਬਦੀ ਐਕਸਪ੍ਰੈੱਸ ਨਾਲ 2 ਵਾਧੂ ਸੀ. ਸੀ. ਕੋਚ ਲਗਾਏ <br/>
ਅਜੀਤ ਡੈਸਕ
07-12-2025