ਮਿਲ ਰਹੇ ਹਨ ਭਾਜਪਾ ਦੇ ਵਧਦੇ ਪ੍ਰਭਾਵ ਦੇ ਸੰਕੇਤ <br/>
ਅਜੀਤ ਡੈਸਕ
07-12-2025
ਚੰਡੀਗੜ੍ਹ, 6 ਦਸੰਬਰ-ਪੰਜਾਬ ਦੀ ਸਿਆਸੀ ਧੜਕਣ ਇਸ ਵੇਲੇ ਇਕ ਮਹੱਤਵਪੂਰਨ ਪਲ ਵਿਚੋਂ ਗੁਜ਼ਰ ਰਹੀ ਹੈ, ਕਿਉਂਕਿ ਆਉਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਹੋ ਰਹੀਆਂ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਦੀ ਟਿਕਟ ਹਾਸਿਲ ਕਰਨ ਲਈ ਅਜਿਹਾ ਰੁਝਾਨ ਦੇਖਣ ਨੂੰ ਮਿਲਿਆ ਜੋ ਇਸ ਤੋਂ ਪਹਿਲਾਂ ਕਦੇ ਸਾਹਮਣੇ ਨਹੀਂ ਆਇਆ ਸੀ | ਪਹਿਲੀ ਵਾਰ ਇਨ੍ਹਾਂ ਚੋਣਾਂ ਲਈ ਪਾਰਟੀ ਦਫ਼ਤਰਾਂ 'ਚ ਟਿਕਟ ਲਈ ਆਉਣ ਵਾਲੇ ਉਮੀਦਵਾਰਾਂ ਦੀ ਭੀੜ ਨੇ ਸਿਆਸੀ ਗਤੀਵਿਧੀਆਂ ਨੂੰ ਇਕ ਨਵਾਂ ਰੁਖ਼ ਦਿੱਤਾ ਹੈ | ਕਈ ਹਲਕਿਆਂ ਵਿਚ ਇਕੇ ਸੀਟ ਲਈ 6 ਤੋਂ 10 ਤੱਕ ਅਰਜ਼ੀਆਂ ਦਾਖਲ ਹੋਈਆਂ ਹਨ | ਪਿੰਡ ਪੱਧਰ 'ਤੇ ਜਿੱਥੇ ਆਮ ਤੌਰ 'ਤੇ ਦੋ ਜਾਂ ਤਿੰਨ ਦਾਅਵੇਦਾਰ ਹੀ ਸਾਹਮਣੇ ਆਉਂਦੇ ਸਨ, ਉੱਥੇ ਇਸ ਵਾਰ ਟਿਕਟ ਲਈ ਦਾਅਵੇਦਾਰਾਂ ਦੀ ਲੜੀ ਨੇ ਪਾਰਟੀ ਸੰਗਠਨ ਨੂੰ ਵੀ ਹੈਰਾਨ ਕਰ ਦਿੱਤਾ ਹੈ | ਪਾਰਟੀ ਆਗੂ ਮੰਨਦੇ ਹਨ ਕਿ ਇਹ ਰੁਝਾਨ ਸਪਸ਼ਟ ਕਰਦਾ ਹੈ ਕਿ ਭਾਜਪਾ ਹੁਣ ਪੰਜਾਬ ਵਿਚ ਇਕ ਤਾਕਤਵਰ ਸਿਆਸੀ ਕਦ ਵਜੋਂ ਉੱਭਰ ਰਹੀ ਹੈ | ਭਾਜਪਾ ਨੇ ਪਿਛਲੇ ਕੁਝ ਸਾਲਾਂ ਦੌਰਾਨ ਤਹਿਪੱਧਰ 'ਤੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਜ਼ਮੀਨੀ ਯਤਨ ਕੀਤੇ ਹਨ | ਜਿਸ ਵਿਚ ਬੂਥ ਕਮੇਟੀਆਂ ਦੀ ਮੁੜ ਰਚਨਾ, ਘਰ-ਘਰ ਸੰਪਰਕ ਮੁਹਿੰਮ, ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨਾ, ਮਹਿਲਾ ਮੋਰਚਾ, ਕਿਸਾਨ ਮੋਰਚਾ ਅਤੇ ਹੋਰ ਸੈੱਲਾਂ ਦੀ ਮੁੜ ਸਰਗਰਮੀ ਸ਼ਾਮਿਲ ਹੈ | ਇਹ ਸਭ ਪਾਰਟੀ ਦੇ ਇਸ ਬਦਲਾਅ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ | ਪਾਰਟੀ ਨੇ ਪਿੰਡ ਤੋਂ ਸ਼ਹਿਰ ਤੱਕ ਆਪਣਾ ਕੇਡਰ ਵਧਾਉਣ ਲਈ ਲਗਾਤਾਰ ਪ੍ਰੋਗਰਾਮ ਚਲਾਏ | ਇਸ ਨੇ ਪਾਰਟੀ ਨੂੰ ਲੋਕਾਂ ਦੇ ਨੇੜੇ ਲਿਆਂਦਾ, ਜਿਸ ਕਰਕੇ ਅੱਜ ਟਿਕਟ ਲਈ ਉਮੀਦਵਾਰਾਂ ਦਾ ਇਹ ਰੁਝਾਨ ਸਾਹਮਣੇ ਹੈ | ਭਾਜਪਾ ਉਹ ਸਿਆਸੀ ਖਾਲੀਪਣ ਭਰਨ ਦੀ ਕੋਸ਼ਿਸ਼ ਕਰ ਰਹੀ ਹੈ ਜੋ ਤਿੰਨ ਵੱਡੀਆਂ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਅੰਦਰੂਨੀ ਘੋਰ ਸੰਕਟਾਂ ਨੇ ਪੈਦਾ ਕੀਤਾ ਹੈ | ਇਸ ਗੱਲ ਦਾ ਫ਼ਾਇਦਾ ਪਾਰਟੀ ਨੂੰ ਤਹਿਪੱਧਰ 'ਤੇ ਵਧਦੀ ਕਬੂਲੀਅਤ ਦੇ ਰੂਪ ਵਿਚ ਮਿਲ ਰਿਹਾ ਹੈ |
ਚੋਣ ਪ੍ਰਚਾਰ ਦੀ ਤਿਆਰੀ ਤੇਜ਼
ਭਾਜਪਾ ਦੇ ਚੋਣ ਸੈੱਲ ਨੇ ਪ੍ਰਚਾਰ ਰਣਨੀਤੀ ਤਿਆਰ ਕਰ ਲਈ ਹੈ | ਬੂਥ ਤੋਂ ਲੈ ਕੇ ਮੰਡਲ ਅਤੇ ਜ਼ਿਲ੍ਹਾ ਪੱਧਰ ਤੱਕ ਪ੍ਰਚਾਰ ਟੀਮਾਂ ਮੁੜ ਤੈਨਾਤ ਕੀਤੀਆਂ ਜਾ ਰਹੀਆਂ ਹਨ | ਪਾਰਟੀ ਵਲੋਂ ਵੱਡੀਆਂ ਰੈਲੀਆਂ, ਘਰ-ਘਰ ਮੁਹਿੰਮ, 'ਚਾਹ ਪੇ ਚਰਚਾ' ਅਤੇ ਸਮੂਹਕ ਮੋਰਚਾ ਮੀਟਿੰਗਾਂ ਵੀ ਰੋਡਮੈਪ ਵਿਚ ਸ਼ਾਮਿਲ ਹਨ | ਇਸ ਤੋਂ ਇਲਾਵਾ ਸੀਨੀਅਰ ਨੇਤਾਵਾਂ ਦੇ ਦੌਰੇ ਵੀ ਜਲਦੀ ਸ਼ੁਰੂ ਹੋਣ ਵਾਲੇ ਹਨ |
ਸਿਆਸੀ ਭੂਚਾਲ ਦੇ ਸੰਕੇਤ
ਜੇਕਰ ਭਾਜਪਾ ਸਥਾਨਕ ਚੋਣਾਂ ਵਿਚ ਵਧੀਆ ਪ੍ਰਦਰਸ਼ਨ ਕਰਨ 'ਚ ਕਾਮਯਾਬ ਹੋ ਜਾਂਦੀ ਹੈ ਤਾਂ ਪੰਜਾਬ ਦੀ ਸਿਆਸੀ ਦਿਸ਼ਾ 'ਚ ਵੱਡਾ ਬਦਲਾਅ ਹੋ ਸਕਦਾ ਹੈ | ਇਸ ਦਾ ਸਿੱਧਾ ਅਸਰ ਸਿਆਸੀ ਪਾਰਟੀਆਂ ਦੇ ਵੋਟ ਬੈਂਕ, ਨੌਜਵਾਨਾਂ ਦੀ ਵੋਟ ਅਤੇ ਉਮੀਦਵਾਰਾਂ ਦੀ ਭਵਿੱਖੀ ਅਦਲਾ-ਬਦਲੀ ਦੀ ਦਿਸ਼ਾ 'ਤੇ ਵੀ ਪੈਣ ਦੀ ਸੰਭਾਵਨਾ ਹੈ |
2027 ਦੇ ਸਿਆਸੀ ਯੁੱਧ ਲਈ ਵੱਡਾ ਸੰਕੇਤ
ਭਾਜਪਾ ਲਈ ਇਹ ਰੁਝਾਨ ਕੇਵਲ ਸਥਾਨਕ ਚੋਣਾਂ ਦਾ ਮੋੜ ਨਹੀਂ, ਸਗੋਂ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਸਵੀਰ ਦਾ ਪਹਿਲਾ ਨਰਮ ਖ਼ਾਕਾ ਹੈ | ਜੇ ਸਥਾਨਕ ਪੱਧਰ 'ਤੇ ਪਾਰਟੀ ਦਾ ਆਧਾਰ ਮਜ਼ਬੂਤ ਹੁੰਦਾ ਹੈ ਤਾਂ ਇਹ ਅਗਲੇ ਹਲਕਿਆਂ ਵਿਚ ਸਿੱਧੇ ਤੌਰ 'ਤੇ ਸਿਆਸੀ ਲਾਭ ਬਣ ਕੇ ਸਾਹਮਣੇ ਆਉਂਦਾ ਹੈ | ਪੰਜਾਬ ਦੀ ਸਿਆਸਤ ਇਕ 'ਨਵੀਂ ਕਤਾਰਬੰਦੀ' ਦੇ ਦੌਰ ਵਿਚੋਂ ਗੁਜ਼ਰ ਰਹੀ ਹੈ | ਜਿੱਥੇ ਦਹਾਕਿਆਂ ਤੱਕ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੇ ਵਾਰੀ-ਵਾਰੀ ਸੂਬੇ 'ਤੇ ਰਾਜ ਕੀਤਾ, ਉੱਥੇ ਹੁਣ ਭਾਜਪਾ ਆਪਣੇ ਲਈ ਨਵੀਂ ਥਾਂ ਬਣਾਉਣ ਵਿਚ ਕਾਮਯਾਬ ਹੁੰਦੀ ਦਿੱਖ ਰਹੀ ਹੈ | ਸਿਆਸੀ ਮਾਹਿਰ ਉਮੀਦਵਾਰਾਂ ਦੀ ਵਧਦੀ ਗਿਣਤੀ ਨੂੰ ਇਹ ਵੀ ਮੰਨਦੇ ਹਨ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਸਿਆਸਤ ਵਿਚ ਹਿੱਸੇਦਾਰੀ ਦੇ ਨਵੇਂ ਰਾਹ ਲੱਭ ਰਹੀ ਹੈ ਅਤੇ ਭਾਜਪਾ ਉਸ ਦਾ ਕੇਂਦਰ ਬਣਦੀ ਜਾ ਰਹੀ ਹੈ |