ਨਵੀਂ ਦਿੱਲੀ, 6 ਦਸੰਬਰ (ਪੀ.ਟੀ.ਆਈ.)-ਭਾਰਤ ਤੇ ਅਮਰੀਕਾ ਨੇ 3 ਦਸੰਬਰ ਨੂੰ ਨਵੀਂ ਦਿੱਲੀ 'ਚ ਹੋਈ 'ਡੈਜ਼ੀਗਨੇਸ਼ਨ ਡਾਇਲਾਗ' 'ਤੇ ਵਿਚਾਰ-ਵਟਾਂਦਰੇ ਦੌਰਾਨ ਅੱਤਵਾਦ ਦਾ ਮੁਕਾਬਲਾ ਕਰਨ ਲਈ ਸਹਿਯੋਗ ਵਧਾਉਣ 'ਤੇ ਵਿਚਾਰ-ਵਟਾਂਦਰਾ ਕੀਤਾ। ਦੋਵਾਂ ਧਿਰਾਂ ਨੇ ਸੰਯੁਕਤ ਰਾਸ਼ਟਰ ਤੋਂ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨਾਂ ਲਸ਼ਕਰ-ਏ-ਤੋਇਬਾ ਤੇ ਜੈਸ਼-ਏ-ਮੁਹੰਮਦ, ਉਨ੍ਹਾਂ ਦੇ ਪ੍ਰੌਕਸੀ ਸਮੂਹਾਂ ਤੇ ਸਮਰਥਕਾਂ ਵਿਰੁੱਧ ਜਾਇਦਾਦ ਜ਼ਬਤ ਕਰਨ ਅਤੇ ਹਥਿਆਰਾਂ 'ਤੇ ਪਾਬੰਦੀ ਵਰਗੇ ਵਾਧੂ ਦੰਡਕਾਰੀ ਉਪਾਵਾਂ ਦੀ ਮੰਗ ਕੀਤੀ ਹੈ। ਦੋਵਾਂ ਧਿਰਾਂ ਨੇ ਆਈ.ਐਸ.ਆਈ.ਐਸ. ਤੇ ਅਲ-ਕਾਇਦਾ ਨਾਲ ਜੁੜੇ ਸੰਗਠਨਾਂ ਨੂੰ ਹੋਰ ਨਾਮਜ਼ਦ ਕਰਨ ਦੀ ਵੀ ਮੰਗ ਕੀਤੀ। ਇਨ੍ਹਾਂ ਅੱਤਵਾਦੀ ਸਮੂਹਾਂ ਨੂੰ ਸੰਯੁਕਤ ਰਾਸ਼ਟਰ ਵਲੋਂ ਨਾਮਜ਼ਦ ਕੀਤਾ ਗਿਆ ਸੀ ਤੇ ਉਹ ਪਹਿਲਾਂ ਹੀ ਗਲੋਬਲ ਸੰਸਥਾ ਦੇ ਪਾਬੰਦੀਆਂ ਸ਼ਾਸਨ ਅਧੀਨ ਕਈ ਦੰਡਕਾਰੀ ਕਾਰਵਾਈਆਂ ਦਾ ਸਾਹਮਣਾ ਕਰ ਰਹੇ ਹਨ। ਗੱਲਬਾਤ 'ਚ, ਭਾਰਤੀ ਪੱਖ ਨੇ ਲਸ਼ਕਰ-ਏ-ਤੋਇਬਾ ਦੇ ਪ੍ਰੌਕਸੀ, ਦ ਰੇਸਿਸਟੈਂਸ ਫਰੰਟ (ਟੀ.ਆਰ.ਐਫ.) ਨੂੰ ਵਿਦੇਸ਼ੀ ਅੱਤਵਾਦੀ ਸੰਗਠਨ (ਐਫ.ਟੀ.ਓ.) ਤੇ ਵਿਸ਼ੇਸ਼ ਤੌਰ 'ਤੇ ਮਨੋਨੀਤ ਗਲੋਬਲ ਅੱਤਵਾਦੀ (ਐਸ.ਡੀ.ਜੀ.ਟੀ.) ਵਜੋਂ ਨਾਮਜ਼ਦ ਕਰਨ ਲਈ ਅਮਰੀਕੀ ਵਿਦੇਸ਼ ਵਿਭਾਗ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਟੀ.ਆਰ.ਐਫ. ਨੇ ਪਹਿਲਗਾਮ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਸ਼ਨੀਵਾਰ ਨੂੰ ਜਾਰੀ ਕੀਤੇ ਗਏ ਇਕ ਸਾਂਝੇ ਬਿਆਨ ਦੇ ਅਨੁਸਾਰ ਦੋਵਾਂ ਧਿਰਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅੱਤਵਾਦ ਦਾ ਸਾਹਮਣਾ ਕਰਨ ਲਈ ਇਕ ਨਿਰੰਤਰ ਤੇ ਵਿਆਪਕ ਢੰਗ ਨਾਲ ਠੋਸ ਕਾਰਵਾਈ ਦੀ ਲੋੜ ਹੈ।
ਭਾਰਤ ਤੇ ਅਮਰੀਕਾ ਅੱਤਵਾਦ ਪ੍ਰਤੀ ਇਕਸੁਰ
ਅਜੀਤ ਡੈਸਕ
07-12-2025