ਸ੍ਰੀ ਚਮਕੌਰ ਸਾਹਿਬ, 21 ਦਸੰਬਰ (ਜਗਮੋਹਣ ਸਿੰਘ ਨਾਰੰਗ)-ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਵਲੋਂ ਅੱਜ ਸਥਾਨਕ ਗਰਚਾ ਪੈਟਰੋਲ ਪੰਪ ਨੇੜੇ ਸ਼ਹੀਦੀ ਕਾਨਫ਼ਰੰਸ ਕੀਤੀ ਗਈ, ਜਿਸ ਵਿਚ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕਰਦਿਆਂ ਪਾਰਟੀ ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਗੜੀ ਚਮਕੌਰ ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾ ਦੇ ਫ਼ੁੱਲ ਭੇਟ ਕਰਦਿਆਂ ਕਿਹਾ ਕਿ ਬੀਤੇ ਲੰਮੇ ਸਮੇਂ ਤੋਂ ਭਾਰਤ ਦੀਆਂ ਪੰਥ ਵਿਰੋਧੀ ਤਾਕਤਾਂ ਅਤੇ ਬਾਦਲ ਦਲ ਨੇ ਸਿੱਖ ਵਿਰਾਸਤ, ਮਰਿਆਦਾ ਅਤੇ ਸਭਿਆਚਾਰ ਨੂੰ ਤਹਿਸ ਨਹਿਸ ਕੀਤਾ ਹੈ, ਉਨ੍ਹਾਂ ਕਿਹਾ ਕਿ ਖ਼ਾਲਸਾ ਪੰਥ ਲਈ ਸਭ ਤੋਂ ਵੱਡੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਸ਼ੋ੍ਰਮਣੀ ਕਮੇਟੀ ਦੇ ਪ੍ਰਬੰਧਾਂ ਹੇਠ ਜੋ ਬੀਤੇ ਸਮੇਂ ਵਿਚ ਸਾਜ਼ਸ਼ੀ ਢੰਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਲਾਪਤਾ ਹੋਏ ਹਨ, ਉਨ੍ਹਾਂ ਦੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਖ਼ਤ ਸਜ਼ਾ ਮਿਲੇ | ਕਾਰਜਕਾਰੀ ਪ੍ਰਧਾਨ ਈਮਾਨ ਸਿੰਘ ਮਾਨ ਨੇ ਸਮੁੱਚੀ ਕੌਮ ਤੇ ਪੰਜਾਬੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਬਰਗਾੜੀ ਕਾਂਡ ਅਤੇ 328 ਸਰੂਪ ਲਾਪਤਾ ਕਰਨ ਵਾਲੇ ਦੋਸ਼ੀਆਂ ਨੂੰ ਕਿਸੇ ਵੀ ਹਾਲਤ ਵਿਚ ਬਖਸ਼ਣਾ ਨਹੀਂ ਚਾਹੀਦਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਸੰਤੋਖਗੜ੍ਹ, ਕੁਲਦੀਪ ਸਿੰਘ ਭਾਗੋਵਾਲ ਜ/ਸ, ਹਰਮੇਸ਼ ਸਿੰਘ ਬੜੌਦੀ, ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਬੀਬੀ ਤੇਜ਼ ਕੌਰ, ਬੀਬੀ ਪ੍ਰੀਤਮ ਕੌਰ ਜਟਾਣਾ ਪ੍ਰਧਾਨ ਯੂਥ ਇਸਤਰੀ ਵਿੰਗ ਜ਼ਿਲ੍ਹਾ ਰੂਪਨਗਰ, ਪ੍ਰੀਤਮ ਸਿੰਘ ਮਾਨਗੜ੍ਹ ਜ਼ਿਲ੍ਹਾ ਲੁਧਿਆਣਾ, ਸਿੰਗਾਰ ਸਿੰਘ ਬਡਲਾ, ਜਸਵੀਰ ਸਿੰਘ, ਜੋਗਿੰਦਰ ਸਿੰਘ, ਚਰਨ ਸਿੰਘ ਮੋਰਿੰਡਾ, ਘੱਟ ਗਿਣਤੀ ਦੇ ਜ਼ਿਲਾ੍ਹ ਚੇਅਰਮੈਨ ਬਲਵਿੰਦਰ ਸਿੰਘ ਸ੍ਰੀ ਚਮਕੌਰ ਸਾਹਿਬ, ਇਕਬਾਲ ਸਿੰਘ ਜਟਾਣਾ, ਚਰਨ ਸਿੰਘ ਮੋਰਿੰਡਾ, ਗੁਰਮੁੱਖ ਸਿੰਘ ਸਮੇਤ ਸਮਰਥਕ ਹਾਜ਼ਰ ਸਨ |
ਸ਼ੋ੍ਰਮਣੀ ਅਕਾਲੀ ਦਲ (ਅ) ਵਲੋਂ ਸ੍ਰੀ ਚਮਕੌਰ ਸਾਹਿਬ ਦੇ ਸ਼ਹੀਦੀ ਸਮਾਗਮ ਨੂੰ ਸਮਰਪਿਤ ਕਾਨਫ਼ਰੰਸ
ਅਜੀਤ ਡੈਸਕ
22-12-2025