ਭਰਤਗੜ੍ਹ (ਰੂਪਨਗਰ), 21 ਦਸੰਬਰ (ਜਸਬੀਰ ਸਿੰਘ ਬਾਵਾ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਸਮੇਤ ਅਨੇਕਾਂ ਸਿੰਘ-ਸਿੰਘਣੀਆਂ ਦੇ ਵਿਛੋੜੇ ਅਤੇ ਸ਼ਹਾਦਤ ਨੂੰ ਸਮਰਪਿਤ ਗੁ. ਪਰਿਵਾਰ ਵਿਛੋੜਾ ਸਾਹਿਬ ਸਰਸਾ ਨੰਗਲ ਵਿਖੇ ਰਾਤੀਂ ਆਰੰਭ ਹੋਏ ਰੈਣ ਸਬਾਈ ਕੀਰਤਨ ਦਰਬਾਰ ਦੌਰਾਨ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ ਸਾਹਿਬ ਦੇ ਹਜ਼ੂਰੀ ਕੀਰਤਨੀ ਜਥਿਆਂ, ਗੁ: ਟਿੱਬੀ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਨੇ ਸੰਗਤ ਨੂੰ ਕੀਰਤਨ, ਢਾਡੀ ਜਥਿਆਂ ਨੇ ਢਾਡੀ ਵਾਰਾਂ ਅਤੇ ਪ੍ਰਚਾਰਕਾਂ ਨੇ ਸ਼ਬਦ ਵਿਚਾਰਾਂ ਨਾਲ ਗੁਰ ਇਤਿਹਾਸ ਨਾਲ ਜੋੜਿਆ | ਉਪਰੰਤ ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ ਅਤੇ ਸੰਗਤ ਦੇ ਸਹਿਯੋਗ ਨਾਲ ਆਰੰਭ ਹੋਏ ਤਿੰਨ ਮਾਰਚਾਂ 'ਚੋਂ ਦੋ ਮਾਰਚ ਭਾਖੜਾ ਨਹਿਰ ਦੀ ਪਟੜੀ ਰਾਹੀਂ ਮਾਜਰੀ ਗੁੱਜਰਾਂ, ਅਵਾਨਕੋਟ 'ਚੋਂ ਨਿਕਲ ਕੇ ਕੋਟਬਾਲਾ ਦੀ ਜੂਹ 'ਚੋਂ ਹੋ ਕੇ ਗੁਰੂ ਕੇ ਮਹਿਲ ਉੱਚਾ ਖੇੜਾ ਰੂਪਨਗਰ ਅਤੇ ਗੁ. ਗੜ੍ਹੀ ਸਾਹਿਬ ਸ੍ਰੀ ਚਮਕੌਰ ਸਾਹਿਬ ਵੱਲ ਰਵਾਨਾ ਹੋਏ, ਜਦਕਿ ਮਾਤਾ ਗੁਜਰ ਕੌਰ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਹਿ ਸਿੰਘ ਜੀ ਦੇ ਵੈਰਾਗਮਈ ਪਲਾਂ ਨੂੰ ਸਮਰਪਿਤ ਮਾਰਚ ਆਸਪੁਰ ਰਾਹੀਂ ਸਰਸਾ ਨਦੀ ਨੂੰ ਪਾਰ ਕਰਕੇ ਗੁ: ਛੰਨ ਬਾਬਾ ਕੁੰਮਾ ਮਾਸ਼ਕੀ ਜੀ ਵਿਖੇ ਸਮਾਪਤ ਹੋਇਆ | ਸੰਗਤ ਨੇ ਜੈਕਾਰਿਆਂ ਦੀ ਗੂੰਜ 'ਚ ਸਰਸਾ ਨਦੀ ਨੂੰ ਪਾਰ ਕੀਤਾ | ਇਸੇ ਦੌਰਾਨ ਭਾਈ ਸੁਖਵਿੰਦਰ ਸਿੰਘ ਨੇ ਸੰਗਤ ਨੂੰ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਨੁਸਾਰ ਜ਼ਿੰਦਗੀ ਜਿਊਣ ਲਈ ਪ੍ਰੇਰਿਆ | ਇਸ ਮੌਕੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ ਬੈਂਸ, ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਭਾਈ ਸੁਖਪਾਲ ਸਿੰਘ ਸੁੱਖੀ, ਚੌਧਰੀ ਚਰਨਜੀਤ ਸਿੰਘ, ਹਰਭਜਨ ਸਿੰਘ ਕੋਟਬਾਲਾ, ਸੈਣੀ ਭਲਾਈ ਬੋਰਡ ਪੰਜਾਬ ਦੇ ਮੈਂਬਰ ਜੁਝਾਰ ਸਿੰਘ ਮੁਲਤਾਨੀ, ਮਾ. ਤਰਲੋਚਨ ਸਿੰਘ ਆਲੋਵਾਲ, ਤਜਿੰਦਰਪਾਲ ਸਿੰਘ ਬਿੱਟੂ, ਜੈਲਦਾਰ ਗੁਰਜੀਵਨ ਸਿੰਘ, ਬੀਬੀ ਹਰਵਿੰਦਰ ਕੌਰ ਕੋਟਬਾਲਾ, ਮੈਨੇਜਰ ਦਵਿੰਦਰ ਸਿੰਘ, ਪਿ੍ੰ. ਸਰਬਜੀਤ ਸਿੰਘ, ਚੌਧਰੀ ਰਾਮ ਕਿਸ਼ਨ ਮਾਜਰੀ, ਧੰਨਾ ਸਿੰਘ ਬਾਠ, ਸਤਨਾਮ ਸਿੰਘ ਆਸਪੁਰ, ਜਗਤਾਰ ਸਿੰਘ ਪਾਬਲਾ, ਬਲਵਿੰਦਰ ਸਿੰਘ ਕੋਟਬਾਲਾ, ਸਰਪੰਚ ਦਿਲਬਾਗ ਸਿੰਘ ਮਾਜਰੀ, ਹਰਦੀਪ ਸਿੰਘ ਅਵਾਨਕੋਟ ਆਦਿ ਹਾਜ਼ਰ ਸਨ |
ਰੈਣ ਸਬਾਈ ਕੀਰਤਨ ਦਰਬਾਰ ਉਪਰੰਤ ਗੁ: ਪਰਿਵਾਰ ਵਿਛੋੜਾ ਸਾਹਿਬ ਸਰਸਾ ਨੰਗਲ ਤੋਂ ਮਾਰਚ ਰਵਾਨਾ <br/>
ਅਜੀਤ ਡੈਸਕ
22-12-2025