ਵਰਲਡ ਆਫ਼ ਸਟੈਟਿਸਟਿਕਸ ਆਨ ਐਕਸ ਨੇ ਜਾਰੀ ਕੀਤੀ ਸੂਚੀ
ਅੰਮਿ੍ਤਸਰ, 23 ਦਸੰਬਰ (ਸੁਰਿੰਦਰ ਕੋਛੜ)-ਦੁਨੀਆ ਦੀਆਂ ਸਭ ਤੋਂ ਮਜ਼ਬੂਤ ਫ਼ੌਜਾਂ ਦੀ ਦਰਜਾਬੰਦੀ ਜਾਰੀ ਕੀਤੀ ਗਈ ਹੈ | ਇਸ ਰਿਪੋਰਟ 'ਚ ਫ਼ੌਜੀ ਉਪਕਰਣਾਂ, ਫ਼ੌਜਾਂ ਦੀ ਗਿਣਤੀ, ਬਜਟ ਅਤੇ ਤਕਨੀਕੀ ਸਮਰੱਥਾਵਾਂ ਵਰਗੇ ਕਾਰਕਾਂ ਨੂੰ ਧਿਆਨ 'ਚ ਰੱਖਦਿਆਂ 30 ਦੇਸ਼ਾਂ ਦੀ ਫ਼ੌਜੀ ਤਾਕਤ ਦਾ ਮੁਲਾਂਕਣ ਕੀਤਾ ਗਿਆ ਹੈ | ਇਹ ਦਰਜਾਬੰਦੀ ਗਲੋਬਲ ਫਾਇਰਪਾਵਰ ਇੰਡੈਕਸ 'ਤੇ ਆਧਾਰਿਤ ਹੈ, ਜਿਸ ਨੂੰ ਵਰਲਡ ਆਫ਼ ਸਟੈਟਿਸਟਿਕਸ ਆਨ ਐਕਸ ਦੁਆਰਾ ਸਾਂਝਾ ਕੀਤਾ ਗਿਆ ਹੈ | ਸ਼ਕਤੀਸ਼ਾਲੀ ਫ਼ੌਜਾਂ ਦੀ ਇਸ ਸੂਚੀ 'ਚ ਆਪਣੀ ਉੱਨਤ ਤਕਨਾਲੋਜੀ, ਵਿਸ਼ਾਲ ਫ਼ੌਜੀ ਬਜਟ ਅਤੇ ਵਿਸ਼ਵ-ਵਿਆਪੀ ਪਹੁੰਚ ਦੇ ਕਾਰਨ ਸੰਯੁਕਤ ਰਾਜ ਅਮਰੀਕਾ ਸਭ ਤੋਂ ਸਿਖਰ 'ਤੇ ਹੈ | ਰੂਸ ਅਤੇ ਚੀਨ ਸੂਚੀ 'ਚ ਦੂਜੇ ਅਤੇ ਤੀਜੇ ਸਥਾਨ 'ਤੇ ਹਨ, ਦੋਵੇਂ ਮੁਲਕ ਆਪਣੀਆਂ ਵੱਡੀਆਂ ਫ਼ੌਜਾਂ ਅਤੇ ਪ੍ਰਮਾਣੂ ਸਮਰੱਥਾਵਾਂ ਲਈ ਜਾਣੇ ਜਾਂਦੇ ਹਨ | ਸੂਚੀ 'ਚ ਭਾਰਤ ਚੌਥੇ ਸਥਾਨ 'ਤੇ ਹੈ, ਜੋ ਆਪਣੀ ਵੱਡੀ ਫ਼ੌਜ, ਸਵਦੇਸ਼ੀ ਹਥਿਆਰਾਂ ਅਤੇ ਰਣਨੀਤਕ ਸਥਿਤੀ ਕਾਰਨ ਮਜ਼ਬੂਤ ਵਿਖਾਈ ਦਿੰਦਾ ਹੈ | ਭਾਰਤੀ ਫ਼ੌਜ ਦੀਆਂ ਸਮਰੱਥਾਵਾਂ ਹਿਮਾਲਿਆ ਤੋਂ ਹਿੰਦ ਮਹਾਂਸਾਗਰ ਤੱਕ ਫੈਲੀਆਂ ਹੋਈਆਂ ਹਨ | ਪਾਕਿਸਤਾਨ ਇਸ ਸੂਚੀ 'ਚ 12ਵੇਂ ਸਥਾਨ 'ਤੇ ਹੈ | ਆਰਥਿਕ ਚੁਣੌਤੀਆਂ ਦੇ ਬਾਵਜੂਦ ਉਹ ਜਰਮਨੀ, ਇਜ਼ਰਾਈਲ ਅਤੇ ਈਰਾਨ ਵਰਗੇ ਦੇਸ਼ਾਂ ਤੋਂ ਅੱਗੇ ਹੈ | ਦੱਖਣੀ ਕੋਰੀਆ ਸੂਚੀ 'ਚ 5ਵੇਂ, ਜਪਾਨ 8ਵੇਂ ਅਤੇ ਤਾਈਵਾਨ 22ਵੇਂ ਸਥਾਨ 'ਤੇ ਹੈ | ਇੰਡੋਨੇਸ਼ੀਆ 13ਵੇਂ ਅਤੇ ਵੀਅਤਨਾਮ 23ਵੇਂ ਸਥਾਨ 'ਤੇ ਹੈ | ਯੂਰਪ ਤੋਂ ਬਰਤਾਨੀਆ 6ਵੇਂ, ਫਰਾਂਸ 7ਵੇਂ, ਇਟਲੀ 10ਵੇਂ ਅਤੇ ਜਰਮਨੀ 14ਵੇਂ ਸਥਾਨ 'ਤੇ ਹੈ | ਸਪੇਨ 17ਵੇਂ, ਪੋਲੈਂਡ 21ਵੇਂ ਤੇ ਸਵੀਡਨ 27ਵੇਂ ਸਥਾਨ 'ਤੇ ਹੈ | ਇਹ ਦੇਸ਼ ਨਾਟੋ ਗੱਠਜੋੜ ਦਾ ਹਿੱਸਾ ਹਨ | ਮੱਧ ਪੂਰਬ ਤੋਂ ਇਜ਼ਰਾਈਲ 15ਵੇਂ, ਈਰਾਨ 16ਵੇਂ, ਸਾਊਦੀ ਅਰਬ 24ਵੇਂ, ਮਿਸਰ 19ਵੇਂ, ਆਸਟ੍ਰੇਲੀਆ 18ਵੇਂ, ਕੈਨੇਡਾ 28ਵੇਂ, ਅਲਜੀਰੀਆ 26ਵੇਂ ਅਤੇ ਗ੍ਰੀਸ 30ਵੇਂ ਸਥਾਨ 'ਤੇ ਹੈ |
ਦੁਨੀਆ ਦੀਆਂ ਸਭ ਤੋਂ ਮਜ਼ਬੂਤ ਫ਼ੌਜਾਂ ਦੀ ਸੂਚੀ 'ਚ ਭਾਰਤ ਚੌਥੇ ਤੇ ਪਾਕਿ 12ਵੇਂ ਸਥਾਨ 'ਤੇ <br/>
ਅਜੀਤ ਡੈਸਕ
24-12-2025