ਐੱਸ. ਏ. ਐੱਸ. ਨਗਰ, 24 ਦਸੰਬਰ (ਕਪਿਲ ਵਧਵਾ)-ਬਹੁ-ਚਰਚਿਤ ਕਰਨਲ ਪੁਸ਼ਪਿੰਦਰ ਸਿੰਘ ਬਾਠ ਨਾਲ ਕੁੱਟਮਾਰ ਕਰਨ ਦੇ ਮਾਮਲੇ ਵਿਚ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਵਲੋਂ ਅੱਜ ਮੁਹਾਲੀ ਸਥਿਤ ਸਪੈਸ਼ਲ ਮੈਜਿਸਟ੍ਰੇਟ ਦੀ ਅਦਾਲਤ ਵਿਚ ਦੋਸ਼-ਪੱਤਰ ਦਾਖ਼ਲ ਕੀਤਾ ਗਿਆ | ਹੁਣ ਅਦਾਲਤ ਵਲੋਂ ਇਸ ਚਾਰਜਸ਼ੀਟ ਦੀ ਘੋਖ ਕੀਤੀ ਜਾਵੇਗੀ, ਜਿਸ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ | ਅਦਾਲਤੀ ਸੂਤਰਾਂ ਮੁਤਾਬਿਕ ਮਾਮਲੇ ਦੀ ਅਗਲੀ ਸੁਣਵਾਈ ਅਦਾਲਤ ਦੀਆਂ ਛੁੱਟੀਆਂ ਤੋਂ ਬਾਅਦ ਹੋਵੇਗੀ | ਜ਼ਿਕਰਯੋਗ ਹੈ ਕਿ ਇਹ ਮਾਮਲਾ ਬੀਤੀ 13-14 ਮਾਰਚ ਦੀ ਦਰਮਿਆਨੀ ਰਾਤ ਦਾ ਹੈ, ਜਦੋਂ ਪਟਿਆਲਾ ਦੇ ਇਕ ਢਾਬੇ 'ਤੇ ਭਾਰਤੀ ਫ਼ੌਜ ਤੋਂ ਸੇਵਾ-ਮੁਕਤ ਕਰਨਲ ਪੁਸ਼ਪਿੰਦਰ ਸਿੰਘ ਬਾਠ ਅਤੇ ਉਨ੍ਹਾਂ ਦੇ ਪੁੱਤਰ ਅੰਗਦ ਨਾਲ ਪਟਿਆਲਾ ਪੁਲਿਸ ਦੇ ਅਧਿਕਾਰੀਆਂ ਵਲੋਂ ਬੇਵਜ੍ਹਾ ਕੁੱਟਮਾਰ ਕਰਨ ਦੇ ਦੋਸ਼ ਲੱਗੇ ਸਨ | ਅਦਾਲਤ 'ਚ ਦਾਖ਼ਲ ਕੀਤੀ ਗਈ ਚਾਰਜਸ਼ੀਟ ਵਿਚ ਇੰਸਪੈਕਟਰ ਰੋਨੀ ਸਿੰਘ, ਇੰਸਪੈਕਟਰ ਹੈਰੀ ਬੋਪਾਰਾਏ, ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ, ਸੁਰਜੀਤ ਸਿੰਘ ਅਤੇ ਰਾਜਵੀਰ ਸਿੰਘ ਨੂੰ ਮੁਲਜ਼ਮ ਬਣਾਇਆ ਗਿਆ ਹੈ | ਇਨ੍ਹਾਂ ਮੁਲਜ਼ਮਾਂ ਵਿਰੁੱਧ ਬੀ. ਐੱਨ. ਐੱਸ. ਦੀਆਂ ਧਾਰਾਵਾਂ 109, 115 (2), 117 (1), 117 (2), 126 (2), 190, 310 ਅਤੇ 351 (2) ਤਹਿਤ ਦੋਸ਼ ਲਗਾਏ ਗਏ ਹਨ | ਹੁਣ ਅਦਾਲਤ ਵਲੋਂ ਚਾਰਜਸ਼ੀਟ ਦੀ ਜਾਂਚ ਉਪਰੰਤ ਹੀ ਇਹ ਤੈਅ ਕੀਤਾ ਜਾਵੇਗਾ ਕਿ ਮਾਮਲੇ ਵਿਚ ਅੱਗੇ ਕਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ |