• ਫ਼ੌਜ ਮੁਖੀ ਮੁਨੀਰ 'ਤੇ ਲਗਾਇਆ ਦੋਸ਼ • ਤਿੰਨ ਸਾਲਾਂ ਤੋਂ ਬਰਤਾਨੀਆ 'ਚ ਰਹਿ ਰਿਹਾ ਹੈ ਮਿਰਜ਼ਾ ਅਕਬਰ
ਅੰਮਿ੍ਤਸਰ, 25 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਰਕਾਰ 'ਚ ਉਨ੍ਹਾਂ ਦੇ ਵਿਸ਼ੇਸ਼ ਸਹਾਇਕ ਰਹੇ ਮਿਰਜ਼ਾ ਸ਼ਹਿਜ਼ਾਦ ਅਕਬਰ 'ਤੇ ਬਰਤਾਨੀਆ 'ਚ ਦੁਬਾਰਾ ਹਮਲਾ ਹੋਇਆ ਹੈ | ਇਹ ਹਮਲਾ ਉਸ ਸਮੇਂ ਹੋਇਆ ਜਦੋਂ ਉਹ ਕੈਂਬਰਿਜ 'ਚ ਆਪਣੇ ਘਰ ਵਿਚ ਸੀ | ਮਿਰਜ਼ਾ ਅਕਬਰ ਨੇ ਪਾਕਿਸਤਾਨੀ ਫ਼ੌਜ ਦੇ ਮੁਖੀ ਆਸਿਮ ਮੁਨੀਰ ਨੂੰ ਹਮਲੇ ਲਈ ਜ਼ਿੰਮੇਵਾਰ ਠਹਿਰਾਇਆ ਹੈ | ਮਿਰਜ਼ਾ ਅਕਬਰ ਦੇ ਚਿਹਰੇ 'ਤੇ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਸ ਦਾ ਨੱਕ ਅਤੇ ਜਬਾੜਾ ਫ੍ਰੈਕਚਰ ਹੋ ਗਿਆ ਹੈ | ਉਹ ਇਸ ਸਮੇਂ ਹਸਪਤਾਲ 'ਚ ਇਲਾਜ ਅਧੀਨ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ | ਇਸ ਘਟਨਾ ਨੇ ਇਕ ਵਾਰ ਫਿਰ ਯੂ. ਕੇ. 'ਚ ਰਹਿ ਰਹੇ ਪਾਕਿਸਤਾਨੀ ਰਾਜਨੀਤਿਕ ਸ਼ਰਨਾਰਥੀਆਂ ਦੀ ਸੁਰੱਖਿਆ ਬਾਰੇ ਸਵਾਲ ਖੜ੍ਹੇ ਕਰ ਦਿੱਤੇ ਹਨ | ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਪਾਰਟੀ ਵਲੋਂ ਜਾਰੀ ਬਿਆਨ ਦੇ ਅਨੁਸਾਰ ਹਮਲਾਵਰ ਅਕਬਰ ਦੇ ਘਰ 'ਚ ਜ਼ਬਰਦਸਤੀ ਦਾਖਲ ਹੋਇਆ ਅਤੇ ਵਾਰ-ਵਾਰ ਉਸ ਦੇ ਚਿਹਰੇ 'ਤੇ ਮੁੱਕੇ ਮਾਰੇ, ਜਿਸ ਨਾਲ ਉਸ ਦਾ ਨੱਕ ਅਤੇ ਜਬਾੜਾ ਟੁੱਟ ਗਿਆ | ਉਹ ਅਪ੍ਰੈਲ 2022 'ਚ ਪਾਕਿ ਛੱਡਣ ਤੋਂ ਬਾਅਦ ਬਰਤਾਨੀਆ 'ਚ ਰਹਿ ਰਿਹਾ ਹੈ | ਉਨ੍ਹਾਂ ਨੇ ਕਿਹਾ ਹੈ ਕਿ ਉਹ ਆਪਣੀ ਮਰਜ਼ੀ ਨਾਲ ਜਲਾਵਤਨੀ 'ਚ ਰਹਿ ਰਿਹਾ ਹੈ ਕਿਉਂਕਿ ਪਾਕਿ 'ਚ ਉਸ ਦੀ ਜਾਨ ਨੂੰ ਖ਼ਤਰਾ ਸੀ | ਉੱਥੇ ਉਸ 'ਤੇ ਪਹਿਲਾਂ ਵੀ ਹਮਲਾ ਹੋ ਚੁੱਕਿਆ ਹੈ | ਇਸ ਤੋਂ ਪਹਿਲਾਂ ਨਵੰਬਰ 2023 'ਚ ਇਕ ਨਕਾਬਪੋਸ਼ ਵਿਅਕਤੀ ਨੇ ਅਕਬਰ ਦੇ ਘਰ 'ਤੇ ਤੇਜ਼ਾਬ ਸੁੱਟਿਆ ਸੀ | ਉਹ ਉਸ ਹਮਲੇ 'ਚ ਵਾਲ-ਵਾਲ ਬਚਿਆ ਸੀ | ਮਿਰਜ਼ਾ ਅਕਬਰ ਨੇ ਦੋਸ਼ ਲਗਾਇਆ ਕਿ ਅਲ-ਕਾਦਿਰ ਟਰੱਸਟ ਕੇਸ 'ਚ ਇਮਰਾਨ ਖ਼ਾਨ ਖ਼ਿਲਾਫ਼ ਗਵਾਹੀ ਦੇਣ ਲਈ ਕੁਝ ਆਲ੍ਹਾ ਪਾਕਿਸਤਾਨੀ ਫ਼ੌਜੀ ਅਫ਼ਸਰਾਂ ਅਤੇ ਸੁਰੱਖਿਆ ਏਜੰਸੀਆਂ ਵਲੋਂ ਇਹ ਹਮਲੇ ਉਨ੍ਹਾਂ 'ਤੇ ਦਬਾਅ ਪਾਉਣ ਲਈ ਕਰਵਾਏ ਜਾ ਰਹੇ ਹਨ |
ਇਮਰਾਨ ਖ਼ਾਨ ਦੇ ਵਿਸ਼ੇਸ਼ ਸਹਾਇਕ 'ਤੇ ਬਰਤਾਨੀਆ 'ਚ ਹਮਲਾ <br/>
ਅਜੀਤ ਡੈਸਕ
26-12-2025