ਲਹਿੰਦੇ ਪੰਜਾਬ ਦੇ ਵਕੀਲ ਬਹਿਰਾਮ ਬਾਜਵਾ ਲੜਣਗੇ ਕੇਸ
ਅੰਮਿ੍ਤਸਰ, 25 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਕਸੂਰ ਦੇ ਸਰਹੱਦੀ ਖੇਤਰ ਗੰਡਾ ਸਿੰਘਵਾਲਾ ਪੁਲਿਸ ਸਟੇਸ਼ਨ ਦੀ ਸੀਮਾ ਅਧੀਨ ਆਉਂਦੇ ਸਹਿਜਰਾ ਵਿਖੇ ਪਾਕਿਸਤਾਨੀ ਰੇਂਜਰਜ਼ ਵਲੋਂ 3 ਨਵੰਬਰ ਨੂੰ ਗਿ੍ਫ਼ਤਾਰ ਕੀਤੇ ਗਏ ਭਾਰਤੀ ਨਾਗਰਿਕ ਸ਼ਰਨਦੀਪ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਭੋਇਪੁਰ, ਸ਼ਾਹਕੋਟ, ਜਲੰਧਰ ਦੀ ਰਿਹਾਈ ਅਤੇ ਭਾਰਤ ਵਾਪਸੀ ਲਈ ਲਹਿੰਦੇ ਪੰਜਾਬ ਵਿਚ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਹਨ | ਦੇਸ਼ ਦੀ ਵੰਡ ਵੇਲੇ ਵਿਛੜੇ ਕਈ ਪਰਿਵਾਰਾਂ ਨੂੰ ਮਿਲਵਾ ਚੁੱਕੇ ਪੰਜਾਬੀ ਲਹਿਰ ਦੇ ਨਾਸਿਰ ਢਿੱਲੋਂ ਨੇ ਇਸ ਬਾਰੇ 'ਚ 'ਅਜੀਤ' ਨਾਲ ਅੱਜ ਦੇਰ ਸ਼ਾਮ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪਾਕਿ ਸਰਹੱਦ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਗਿ੍ਫ਼ਤਾਰ ਭਾਰਤੀ ਨਾਗਰਿਕ ਨੂੰ ਵਿਦੇਸ਼ ਐਕਟ 1946/1952 ਦੇ ਤਹਿਤ ਹਿਰਾਸਤ ਵਿਚ ਲਿਆ ਗਿਆ ਹੈ | ਸ਼ਰਨਦੀਪ ਸਿੰਘ ਖ਼ਿਲਾਫ਼ ਦਰਜ ਐੱਫ. ਆਈ. ਆਰ. ਮੁਤਾਬਿਕ ਉਸ ਨੂੰ ਸਰਹੱਦ ਪਾਰ ਕਰਕੇ ਪਾਕਿਸਤਾਨੀ ਖੇਤਰ ਵਿਚ ਦਾਖਲ ਹੋਣ 'ਤੇ ਗੰਡਾ ਸਿੰਘਵਾਲਾ ਦੀ ਸਰਹੱਦੀ ਪੋਸਟ ਅਬਦੁੱਲ ਗੱਫੂਰ ਸ਼ਹੀਦ ਤੋਂ ਤਕਰੀਬਨ 300 ਮੀਟਰ ਦੀ ਦੂਰੀ ਤੋਂ ਹਿਰਾਸਤ ਵਿਚ ਲਿਆ ਗਿਆ | ਉਸ ਦੀ ਤਲਾਸ਼ੀ ਲੈਣ ਤੇ ਉਸ ਦੇ ਕਬਜ਼ੇ 'ਚੋਂ ਇਕ ਤਾਰ ਕੱਟਨ ਵਾਲਾ ਕਟਰ, ਇਕ ਲੋਹੇ ਦੀ ਆਰੀ ਆਦਿ ਬਰਾਮਦ ਕੀਤੇ ਗਏ | ਉਸ ਕੋਲੋਂ ਕਈ ਦਿਨਾਂ ਤਕ ਪੁੱਛਗਿੱਛ ਕਰਨ ਉਪਰੰਤ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ, ਜਿੱਥੋਂ ਹੁਣ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ | ਨਾਸਿਰ ਢਿੱਲੋਂ ਨੇ ਦੱਸਿਆ ਕਿ ਸ਼ਰਨਦੀਪ ਸਿੰਘ ਦਾ ਕੇਸ ਲੜਨ ਲਈ ਵਕੀਲ ਬਹਿਰਾਮ ਬਾਜਵਾ ਨੇ ਸਹਿਮਤੀ ਪ੍ਰਗਟਾਈ ਹੈ |
ਪਾਕਿ ਪਹੁੰਚੇ ਭਾਰਤੀ ਨਾਗਰਿਕ ਸ਼ਰਨਦੀਪ ਸਿੰਘ ਦੀ ਵਾਪਸੀ ਲਈ ਕੋਸ਼ਿਸ਼ਾਂ ਸ਼ੁਰੂ <br/>
ਅਜੀਤ ਡੈਸਕ
26-12-2025