ਚੰਡੀਗੜ੍ਹ, 28 ਦਸੰਬਰ (ਅਜੀਤ ਬਿਊਰੋ)-ਪੰਜਾਬ ਦੇ ਬਿਜਲੀ, ਉਦਯੋਗ ਅਤੇ ਵਪਾਰ, ਨਿਵੇਸ਼ ਪ੍ਰੋਤਸਾਹਨ ਅਤੇ ਐਨ.ਆਰ.ਆਈ ਮਾਮਲਿਆਂ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਸਾਲ 2025 ਦੌਰਾਨ ਬਿਜਲੀ ਵਿਭਾਗ ਵੱਲੋਂ ਰਾਜ ਵਿਚ ਭਰੋਸੇਯੋਗ ਬਿਜਲੀ ਸਪਲਾਈ, ਉਪਭੋਗਤਾ-ਅਨੁਕੂਲ ਸੇਵਾਵਾਂ ਅਤੇ ਆਧੁਨਿਕ ਬਿਜਲੀ ਬੁਨਿਆਦੀ ਢਾਂਚੇ ਲਈ ਵਿਸਤਿ੍ਤ ਸੁਧਾਰ ਕੀਤੇ ਗਏ ਹਨ | ਅਰੋੜਾ ਨੇ ਦੱਸਿਆ ਕਿ ਹੁਣ ਪੀ.ਐਸ.ਪੀ.ਸੀ.ਐਲ ਵੱਲੋਂ ਬਿਨਾਂ ਕਿਸੇ ਐਨ.ਓ.ਸੀ ਦੇ ਬਿਜਲੀ ਕਨੈੱਕਸ਼ਨ ਜਾਰੀ ਕੀਤੇ ਜਾਣਗੇ, ਬਸ਼ਰਤੇ ਅਰਜ਼ੀਕਾਰ ਵਲੋਂ ਲਾਜ਼ਮੀ ਅੰਡਰਟੇਕਿੰਗ ਜਮ੍ਹਾਂ ਕਰਵਾਈ ਜਾਵੇ | ਬਿਜਲੀ ਕਨੈੱਕਸ਼ਨ ਲਈ ਅਰਜ਼ੀ ਫਾਰਮ ਸਰਲ ਬਣਾਏ ਗਏ ਹਨ ਅਤੇ ਰਿਕਾਰਡਾਂ ਦੀ ਡਿਜ਼ੀਟਲਾਈਜ਼ੇਸ਼ਨ ਪ੍ਰਾਥਮਿਕਤਾ ਦੇ ਆਧਾਰ 'ਤੇ ਕੀਤੀ ਜਾ ਰਹੀ ਹੈ | 'ਈਜ਼ ਆਫ਼ ਡੂਇੰਗ ਬਿਜ਼ਨਸ' ਨੂੰ ਹੋਰ ਉਤਸ਼ਾਹਿਤ ਕਰਨ ਲਈ ਪੀ. ਐਸ. ਪੀ. ਸੀ.ਐਲ. ਵੱਲੋਂ ਕਿ੍ਸ਼ੀ ਸ਼੍ਰੇਣੀ ਤੋਂ ਇਲਾਵਾ ਸਾਰੇ ਉਪਭੋਗਤਾਵਾਂ ਲਈ ਟੈਸਟ ਰਿਪੋਰਟ ਜਮ੍ਹਾਂ ਕਰਨ ਅਤੇ ਉਸ ਦੀ ਜਾਂਚ ਦੀ ਸ਼ਰਤ ਖ਼ਤਮ ਕਰ ਦਿੱਤੀ ਗਈ ਹੈ | ਐਲ.ਟੀ. ਸ਼੍ਰੇਣੀ ਅਧੀਨ 50 ਕਿਲੋਵਾਟ ਤੱਕ ਲੋਡ ਵਾਲੇ ਨਵੇਂ ਕਨੈੱਕਸ਼ਨ, ਵਾਧੂ ਲੋਡ ਜਾਂ ਲੋਡ ਘਟਾਉਣ ਲਈ ਹੁਣ ਕਿਸੇ ਲਾਇਸੈਂਸ ਪ੍ਰਾਪਤ ਠੇਕੇਦਾਰ ਵਲੋਂ ਟੈਸਟ ਰਿਪੋਰਟ ਜਾਂ ਸਵੈ-ਪ੍ਰਮਾਣ ਪੱਤਰ ਦੀ ਲੋੜ ਨਹੀਂ ਰਹੀ |