ਫਤਿਹਗੜ ਪੰਜਤੂਰ, 6 ਸਤੰਬਰ (ਜਸਵਿੰਦਰ ਸਿੰਘ ਪੋਪਲੀ)-ਦਿੱਲੀ ਕਾਨਵੈਂਟ ਸਕੂਲ ਦੀ ਮੈਨੇਜਮੈਂਟ ਕਮੇਟੀ ਵਲੋਂ ਦਰਿਆ ਸਤਲੁਜ ਦੇ ਧੁੱਸੀ ਬੰਨ੍ਹ ਦਾ ਜਾਇਜ਼ਾ ਲੈਂਦੇ ਹੋਏ ਚੇਅਰਮੈਨ ਬਲਜੀਤ ਸਿੰਘ, ਪ੍ਰਧਾਨ ਬਲਵਿੰਦਰ ਸਿੰਘ, ਪਿ੍ੰਸੀਪਲ ਮੈਡਮ ਨਮਰਤਾ ਭੱਲਾ ਤੇ ਸਟਾਫ ਧੁੱਸੀ ਬੰਨ੍ਹ ਉੱਪਰ ਵਸੇ ਪਿੰਡ ਸੰਘੇੜਾ ਵਿਖੇ ਹੜ੍ਹ ਪੀੜਤਾਂ ਲਈ ਨਿੱਕਾ ਜਿਹਾ ਉਪਰਾਲਾ ਕਰਦੇ ਹੋਏ ਰਾਹਤ ਸਮਗਰੀ ਲੈ ਕੇ ਪਹੁੰਚੇ | ਦਿੱਲੀ ਕਾਨਵੈਂਟ ਸਕੂਲ ਦੇ ਚੇਅਰਮੈਨ ਬਲਜੀਤ ਸਿੰਘ, ਪ੍ਰਧਾਨ ਬਲਵਿੰਦਰ ਸਿੰਘ, ਪਿ੍ੰਸੀਪਲ ਮੈਡਮ ਨਿਮਰਤਾ ਭੱਲਾ ਨੇ ਦੱਸਿਆ ਕਿ ਭਾਰੀ ਮੀਂਹ ਅਤੇ ਹੜ੍ਹਾਂ ਨਾਲ ਪੰਜਾਬ ਦੇ ਕਈ ਜ਼ਿਲ੍ਹੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ | ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਹਨ | ਲੋਕਾਂ ਦੇ ਘਰ ਬਾਰ ਡੁੱਬ ਗਏ ਅਤੇ ਜਨ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਜਿੱਥੇ ਪੰਜਾਬ ਦੇ ਲੋਕਾਂ ਵਲੋਂ ਹੜ੍ਹ ਪੀੜਤਾਂ ਦੀ ਮਦਦ ਕੀਤੀ ਗਈ ਉਥੇ ਹੀ ਦਿੱਲੀ ਕਾਨਵੈਂਟ ਸਕੂਲ ਵਲੋਂ ਵੀ ਆਪਣਾ ਬਣਦਾ ਯੋਗਦਾਨ ਪਾਉਂਦੇ ਹੋਏ ਪਿੰਡ ਦੇ ਲੋਕਾਂ ਦੇ ਲਈ ਲੋੜੀਂਦਾ ਰਾਸ਼ਨ ਅਤੇ ਹੋਰ ਚੀਜ਼ਾਂ ਜੋ ਉਨ੍ਹਾਂ ਦੇ ਕੰਮ ਆ ਸਕਦੀਆਂ ਉਨ੍ਹਾਂ ਦੀ ਵੰਡ ਕੀਤੀ ਗਈ | ਇਸ ਮੌਕੇ ਦਿੱਲੀ ਕਾਨਵੈਂਟ ਸਕੂਲ ਵਲੋਂ ਸੰਘੇੜਾ ਪਿੰਡ ਦੇ ਸਰਪੰਚ ਅਤੇ ਹੋਰਾਂ ਆਗੂਆਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਲੁੜੀਂਦੀਆਂ ਚੀਜ਼ਾਂ ਨੂੰ ਪਹੁੰਚਾਇਆ ਜਾਵੇਗਾ | ਇਸ ਦੌਰਾਨ ਸਕੂਲ ਦੇ ਚੇਅਰਮੈਨ ਬਲਜੀਤ ਸਿੰਘ, ਪ੍ਰਧਾਨ ਬਲਵਿੰਦਰ ਸਿੰਘ ਅਤੇ ਪਿ੍ੰਸੀਪਲ ਮੈਡਮ ਨਿਮਰਤਾ ਭੱਲਾ ਵਲੋਂ ਬੰਨ੍ਹ ਬੰਨ੍ਹਣ ਵਾਲੀ ਸੇਵਾ ਕਮੇਟੀ, ਕਿਸਾਨ ਯੂਨੀਅਨ ਕਮੇਟੀ ਨੂੰ 10 ਹਜ਼ਾਰ ਦਾ ਚੈੱਕ ਵੀ ਦਿੱਤਾ | ਸਕੂਲ ਦੇ ਚੇਅਰਮੈਨ ਬਲਜੀਤ ਸਿੰਘ ਨੇ ਕਿਸਾਨ ਹੋਣ ਦੇ ਨਾਤੇ ਇਹ ਵੀ ਐਲਾਨ ਕੀਤਾ ਕਿ ਕਿਸੇ ਵੀ ਸੰਘੇੜਾ ਨਿਵਾਸੀ ਨੂੰ ਤੂੜੀ ਦੀ ਜ਼ਰੂਰਤ ਹੋਵੇ ਤਾਂ ਉਹ ਜਦੋਂ ਮਰਜ਼ੀ ਮੇਰੇ ਘਰੋਂ ਤੂੜੀ ਲਿਜਾ ਸਕਦਾ ਹੈ | ਇਸ ਮੌਕੇ ਗੁਰਚਰਨ ਸਿੰਘ ਲਲਿਹਾਂਦੀ, ਜੋਗਿੰਦਰ ਸਿੰਘ ਸੰਧੂ, ਕਿਸਾਨ ਆਗੂ ਭੁਪਿੰਦਰ ਸਿੰਘ ਭਿੰਦਾ, ਨੰਬਰਦਾਰ ਚਮਕੌਰ ਸਿੰਘ ਬੋਗੇਵਾਲਾ, ਸਾਬਕਾ ਸਰਪੰਚ ਸਰੂਪ ਸਿੰਘ ਸੰਘੇੜਾ, ਗੋਪਾਲ ਸਿੰਘ, ਭੁਪਿੰਦਰ ਸਿੰਘ ਬੋਗੇਵਾਲਾ, ਮੰਗਾ ਸਰਫਲੀਸ਼ਾਹ ਆਦਿ ਹਾਜ਼ਰ ਸਨ |