ਮੋਗਾ, 3 ਨਵੰਬਰ (ਸੁਰਿੰਦਰਪਾਲ ਸਿੰਘ)-ਜ਼ਿਲ੍ਹਾ ਮੋਗਾ ਅੰਦਰ ਖੇਤਾਂ 'ਚ ਰਹਿੰਦ-ਖੰੂਹਦ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਵਿਚ ਪਿਛਲੇ ਸਾਲ ਦੇ ਮੁਕਾਬਲੇ ਹੁਣ ਤੱਕ ਕਰੀਬ 60 ਫ਼ੀਸਦੀ ਕਮੀ ਆਈ ਹੈ, ਜੋ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤੇ ਯਤਨਾਂ ਸਦਕਾ ਤੇ ਕਿਸਾਨਾਂ ਦੇ ਸਹਿਯੋਗ ਨਾਲ ਸੰਭਵ ਹੋਇਆ ਹੈ | ਇਹ ਜਾਣਕਾਰੀ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਸਾਂਝੀ ਕੀਤੀ | ਉਨ੍ਹਾਂ ਦੱਸਿਆ ਕਿ ਸਾਲ 2023 ਵਿਚ ਜ਼ਿਲ੍ਹਾ ਮੋਗਾ ਵਿਚ ਹੁਣ ਤੱਕ ਕੁੱਲ 383 ਅੱਗਾਂ, ਪਿਛਲੇ ਸਾਲ 105 ਅਤੇ ਇਸ ਸਾਲ ਕੇਵਲ 60 ਪਰਾਲੀ ਨੂੰ ਅੱਗ ਦੇ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਜ਼ਾਹਿਰ ਹੁੰਦਾ ਹੈ ਕਿ ਮੋਗਾ ਦੇ ਬਹੁਤੀ ਗਿਣਤੀ ਵਿਚ ਕਿਸਾਨ ਪਰਾਲੀ ਦੇ ਸੁਚੱਜੇ ਪ੍ਰਬੰਧਨ ਨੂੰ ਤਰਜੀਹ ਦੇ ਰਹੇ ਹਨ | ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਦੱਸਿਆ ਕਿ ਇਸ ਸਾਲ ਜ਼ਿਲ੍ਹਾ ਮੋਗਾ ਵਿਚ 350 ਤੋਂ ਵਧੇਰੇ ਮਸ਼ੀਨਰੀ ਸੀ.ਆਰ.ਐਮ. (ਕਰਾਪ ਰੈਜਿਡਿਊ ਮੈਨੇਜਮੈਂਟ) ਸਕੀਮ ਤਹਿਤ ਕਿਸਾਨਾਂ ਤੋਂ ਲੋੜੀਂਦੇ ਰੀਵਿਊ ਲੈ ਕੇ ਮੁਹੱਈਆ ਕਰਵਾਈ ਗਈ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਾਣਯੋਗ ਸੁਪਰੀਮ ਕੋਰਟ, ਨੈਸ਼ਨਲ ਗਰੀਨ ਟਿ੍ਬਿਊਨਲ, ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਤਹਿਤ 26 ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ | ਅੱਗ ਲੱਗਣ ਦੀ ਸੂਚਨਾ ਮਿਲਣ 'ਤੇ ਟੀਮਾਂ ਵਲੋਂ 24 ਘੰਟਿਆਂ ਦੇ ਅੰਦਰ ਦੌਰਾ ਕਰਕੇ ਬਣਦੀ ਕਾਰਵਾਈ ਯਕੀਨੀ ਬਣਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਆਉਣ ਵਾਲੇ 15 ਦਿਨ ਹੋਰ ਵੀ ਗੰਭੀਰ ਹਨ, ਇਸ ਲਈ ਸਮੂਹ ਐਸ.ਡੀ.ਐਮ., ਡੀ.ਐਸ.ਪੀ., ਐਸ.ਐਚ.ਓ., ਕਲੱਸਟਰ ਅਫ਼ਸਰ ਅਤੇ ਨੋਡਲ ਅਫ਼ਸਰਾਂ ਦੀਆਂ ਟੀਮਾਂ ਜ਼ਮੀਨੀ ਪੱਧਰ ਉੱਪਰ ਪੂਰੀ ਮੁਸਤੈਦੀ ਨਾਲ ਕੰਮ ਕਰ ਰਹੀਆਂ ਹਨ | ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਵਿਚ ਕੋਈ ਮੁਸ਼ਕਿਲ ਪੇਸ਼ ਨਾ ਆਵੇ, ਟੀਮਾਂ ਕਿਸਾਨਾਂ ਦੀ ਹਰ ਸੰਭਵ ਮਦਦ ਵੀ ਕਰ ਰਹੀਆਂ ਹਨ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜੇਕਰ ਕਿਸਾਨਾਂ ਨੂੰ ਮਸ਼ੀਨਰੀ ਸਬੰਧੀ ਮਦਦ ਦੀ ਲੋੜ ਹੈ ਉਹ ਸਬੰਧਿਤ ਐਸ.ਡੀ.ਐਮ., ਖੇਤੀਬਾੜੀ ਅਫ਼ਸਰ, ਏ.ਆਰ. ਕੋਆਪ੍ਰੇਟਿਵ, ਕਲੱਸਟਰ ਤੇ ਨੋਡਲ ਅਫ਼ਸਰਾਂ ਨਾਲ ਗੱਲਬਾਤ ਕਰ ਸਕਦੇ ਹਨ |