ਮੋਗਾ, 24 ਨਵੰਬਰ (ਜਸਪਾਲ ਸਿੰਘ ਬੱਬੀ)-ਬੱਸ ਸਟੈਂਡ ਮੋਗਾ ਵਿਖੇ ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਦਲਜੀਤ ਸਿੰਘ ਭੁੱਲਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਐਸੋਸੀਏਸ਼ਨ ਦੇ ਸੂਬਾ ਪੱਧਰੀ ਜਨਰਲ ਸਕੱਤਰ ਰਸ਼ਪਾਲ ਸਿੰਘ ਮੌਜਗੜ੍ਹ, ਚੇਅਰਮੈਨ ਬਸੰਤ ਸਿੰਘ ਖ਼ਾਲਸਾ, ਗਵਰਨਿੰਗ ਬਾਡੀ ਮੈਂਬਰ ਸਵਰਨ ਸਿੰਘ ਸ਼ਾਹਬੁਕਰ, ਗੁਰਦੇਵ ਸਿੰਘ ਢਿੱਲੋਂ, ਜਗਜੀਤ ਸਿੰਘ, ਪ੍ਰੀਤਮ ਸਿੰਘ ਚੋਟੀਆਂ, ਭੰਵਰ ਲਾਲ, ਮੋਗਾ ਡੀਪੂ ਦੇ ਪ੍ਰਧਾਨ ਅਵਤਾਰ ਸਿੰਘ, ਅਮਰਜੀਤ ਸਿੰਘ ਕੈਸ਼ੀਅਰ, ਕੁਲਦੀਪ ਚੰਦ ਸਹਾਇਕ ਕੈਸ਼ੀਅਰ, ਵਿਜੇ ਕੁਮਾਰ ਮੈਂਬਰ, ਚੰਨਣ ਸਿੰਘ ਮੀਤ ਪ੍ਰਧਾਨ, ਬਲਬੀਰ ਸਿੰਘ ਸਰਪ੍ਰਸਤ ਤੇ ਸੁਰਜੀਤ ਸਿੰਘ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਨੇ ਵਿਚਾਰ ਰੱਖੇ | ਉਨ੍ਹਾਂ ਦੱਸਿਆ ਕਿ ਜਨਵਰੀ 2016 ਤੋਂ ਬਾਅਦ ਰਿਟਾਇਰਡ ਹੋਏ ਪੈਨਸ਼ਨਰਜ਼ (ਇੰਸਪੈਕਟਰਾਂ) ਦੇ ਲੀਵ ਇਨ ਕੈਸ਼ਮੈਟ ਬਿੱਲ, ਰਿਵਾਈਜ਼ ਪੇ ਦੇ ਬਿੱਲ, ਮੈਡੀਕਲ ਬਿੱਲ ਵਰਕਸ਼ਾਪ ਸਟਾਫ਼, ਕੰਡਕਟਰ ਸਟਾਫ਼ ਦੀਆਂ ਦਰਖਾਸਤਾਂ ਬਕਾਇਆ ਰੱਖਣ, ਸਫ਼ਰੀ ਭੱਤਾ ਵਧੇ ਰੇਟ ਅਨੁਸਾਰ ਨਾ ਦੇਣ 'ਤੇ ਵਿਚਾਰ ਕੀਤੀ | ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਾਰੇ ਡੀਪੂਆਂ ਦੇ ਜਨਰਲ ਮੈਨੇਜਰ ਤੇ ਡਾਇਰੈਕਟਰ ਸਟੇਟ ਟਰਾਂਸਪੋਰਟ ਪੰਜਾਬ ਨੂੰ ਇਨ੍ਹਾਂ ਮੰਗਾਂ ਮੰਨਣ ਦਾ ਮੰਗ ਪੱਤਰ ਜਲਦ ਦਿੱਤਾ ਜਾਵੇਗਾ | ਦਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਜੇਕਰ 15 ਦਸੰਬਰ ਤੱਕ ਮੰਗਾਂ ਨਾ ਮੰਨੀਆਂ ਤਾਂ 16 ਦਸੰਬਰ ਤੋਂ ਡੀਪੂਆਂ, ਬੈਂਕਾਂ 'ਚ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ |