ਮੂਨਕ, 3 ਮਈ (ਭਾਰਦਵਾਜ, ਸਿੰਗਲਾ)-ਸਥਾਨਕ ਪੁਲਿਸ ਨੇ ਮੁਖ਼ਬਰੀ ਦੇ ਆਧਾਰ 'ਤੇ ਇੱਕ ਵਿਅਕਤੀ ਨੂੰ ਚੋਰੀ ਸ਼ੁਦਾ ਦੋ ਮੋਟਰਸਾਈਕਲਾਂ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ | ਥਾਣਾ ਮੁਖੀ ਮੂਨਕ ਜਗਤਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਹਾਇਕ ਥਾਣੇਦਾਰ ਮਲਕੀਤ ਸਿੰਘ, ਸੀਨੀਅਰ ਸਿਪਾਹੀ ਗੁਰਤੇਜ ਸਿੰਘ, ਸੀਨੀਅਰ ਸਿਪਾਹੀ ਜਗਸੀਰ ਸਿੰਘ, ਪੀ.ਐਚ.ਜੀ ਬਲਜੀਤ ਸਿੰਘ ਤਾਲਿਬ ਚੌਂਕ ਮੂਨਕ ਵਿਖੇ ਮੌਜੂਦ ਸੀ ਤਾਂ ਪੁਲਿਸ ਪਾਰਟੀ ਨੂੰ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਬੂਟਾ ਸਿੰਘ ਪੁੱਤਰ ਲਾਭ ਸਿੰਘ ਵਾਸੀ ਚਾਂਦਪੁਰਾ ਥਾਣਾ ਜਾਖ਼ਲ (ਹਰਿਆਣਾ) ਹਾਲ ਆਬਾਦ ਪਿੰਡ ਬੱਲਰਾ ਮੋਟਰਸਾਈਕਲ ਚੋਰੀ ਕਰਨ ਦਾ ਆਦੀ ਹੈ | ਬੂਟਾ ਸਿੰਘ ਉਕਤ ਨੇ ਕੁੱਝ ਦਿਨ ਪਹਿਲਾਂ ਜਾਖ਼ਲ ਤੋਂ ਦੋ ਮੋਟਰਸਾਈਕਲ ਚੋਰੀ ਕੀਤੇ ਹਨ ਉਹ ਚੋਰੀਸੁਦਾ ਮੋਟਰਸਾਈਕਲਾਂ ਨੂੰ ਵੇਚਣ ਲਈ ਪਿੰਡ ਬੱਲਰਾਂ ਤੋਂ ਮੂਨਕ ਵੱਲ ਨੂੰ ਆ ਰਿਹਾ ਹੈ ਜੇਕਰ ਹੁਣੇ ਹੀ ਨਾਕਾਬੰਦੀ ਕੀਤੀ ਜਾਵੇ ਤਾਂ ਬੂਟਾ ਸਿੰਘ ਉਕਤ ਨੂੰ ਚੋਰੀ ਸ਼ੁਦਾ ਮੋਟਰਸਾਈਕਲਾਂ ਸਮੇਤ ਕਾਬੂ ਕੀਤਾ ਜਾ ਸਕਦਾ ਹੈ | ਪੁਲਿਸ ਪਾਰਟੀ ਨੇ ਮਿਲੀ ਇਤਲਾਹ ਤੇ ਯਕੀਨ ਕਰਦਿਆਂ ਬੂਟਾ ਸਿੰਘ ਉਕਤ ਨੂੰ ਚੋਰੀਸ਼ੁਦਾ ਮੋਟਰਸਾਈਕਲ ਸਮੇਤ ਕਾਬੂ ਕੀਤਾ ਜਿਸਨੇ ਪੁੱਛ ਗਿੱਛ ਦੌਰਾਨ ਮਨਿਆ ਕਿ ਇੱਕ ਚੋਰੀ ਸ਼ੁਦਾ ਇੱਕ ਹੋਰ ਮੋਟਰਸਾਈਕਲ ਵੀ ਉਸ ਨੇ ਚੋਰੀ ਕੀਤਾ ਹੈ ਜੋ ਉਸ ਨੇ ਚੂਲੜ ਰੋਡ ਸਥਿਤ ਬਣੇ ਸਟੇਡੀਅਮ ਵਿਚ ਲੁਕਾ ਕੇ ਰੱਖਿਆ ਹੋਇਆ ਹੈ | ਪੁਲਿਸ ਪਾਰਟੀ ਨੇ ਮੁਲਜ਼ਮ ਦੀ ਨਿਸ਼ਾਨਦੇਹੀ 'ਤੇ ਦੂਜਾ ਚੋਰੀ ਸ਼ੁਦਾ ਮੋਟਰਸਾਈਕਲ ਵੀ ਬਰਾਮਦ ਕਰ ਲਿਆ | ਉਕਤ ਮੁਲਜ਼ਮ ਵਿਰੁੱਧ ਚੋਰੀਸ਼ੁਦਾ ਮੋਟਰਸਾਈਕਲਾਂ ਨੂੰ ਆਪਣੇ ਕਬਜ਼ੇ ਵਿਚ ਰੱਖਣ ਦੇ ਜੁਰਮ ਤਹਿਤ ਧਾਰਾ 303(2), 317 (2) ਬੀ.ਐਨ.ਐਸ ਤਹਿਤ ਮੁਕੱਦਮਾ ਨੰਬਰ 61 ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |