ਲਹਿਰਾਗਾਗਾ, 24 ਸਤੰਬਰ (ਅਸ਼ੋਕ ਗਰਗ) - ਸਥਾਨਕ ਅਨਾਜ ਮੰਡੀ ਵਿਖੇ ਬਾਸਮਤੀ ਜੀਰੀ ਦੀ ਆਮਦ ਸ਼ੁਰੂ ਹੋ ਗਈ ਹੈ | ਫੈਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨ ਦੇ ਸੂਬਾ ਵਾਈਸ ਪ੍ਰਧਾਨ ਜੀਵਨ ਕੁਮਾਰ ਰੱਬੜ ਨੇ ਅੱਜ ਬਾਸਮਤੀ 1509 ਕੁਆਲਿਟੀ ਦੀ ਬੋਲੀ ਸ਼ੁਰੂ ਕਰਵਾਈ | ਪਹਿਲੀ ਢੇਰੀ ਗਿਰਧਾਰੀ ਲਾਲ ਸੁਰੇਸ਼ ਕੁਮਾਰ ਦੀ ਦੁਕਾਨ 'ਤੇ ਕਿਸਾਨ ਅਵਤਾਰ ਸਿੰਘ ਪੁੱਤਰ ਮੁਖਤਿਆਰ ਸਿੰਘ ਪਿੰਡ ਅੜਕਵਾਸ ਦੀ ਵਿਕਣ ਲਈ ਆਈ | ਜਿਸ ਨੂੰ ਸਵਾਸਤਿਕ ਫੂਡ ਮਿਲ ਨੇ 3140 ਰੁਪਏ ਦੀ ਸਭ ਤੋਂ ਉੱਚੀ ਬੋਲੀ ਦੇ ਕੇ ਖਰੀਦੀ | ਇਸ ਸਮੇਂ ਪ੍ਰਧਾਨ ਜੀਵਨ ਕੁਮਾਰ ਰਬੜ ਅਤੇ ਆੜ੍ਹਤੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ਼ੰਭੂ ਗੋਇਲ ਨੇ ਕਿਹਾ ਕਿ ਬਾਸਮਤੀ ਅਤੇ ਸਰਕਾਰੀ ਜੀਰੀ ਵਿਕਣ ਵਿਚ ਕਿਸਾਨਾਂ ਮਜ਼ਦੂਰਾਂ ਅਤੇ ਆੜ੍ਹਤੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਵੇਗੀ | ਬਾਸਮਤੀ ਜੀਰੀ ਦੀ ਫ਼ਸਲ ਵੇਚਣ ਆਏ ਅਵਤਾਰ ਸਿੰਘ ਨੇ ਦੱਸਿਆ ਕਿ ਮੈਂ ਡੇਢ ਏਕੜ ਬਾਸਮਤੀ 1509 ਦੀ ਫ਼ਸਲ ਬੀਜੀ ਸੀ ਜਿਸ ਵਿਚੋਂ ਮੈਨੂੰ 100 ਮਣ ਝੋਨਾ ਹੋਣ ਦੀ ਉਮੀਦ ਹੈ | ਫ਼ਸਲ ਦਾ ਝਾੜ ਵਧੀਆ ਹੈ ਪ੍ਰੰਤੂ ਇਸ ਦੇ ਖਰਚੇ ਅਤੇ ਰੇਹਾਂ, ਸਪਰੇਹਾਂ ਦੇ ਖ਼ਰਚਿਆਂ ਨੂੰ ਵੇਖਦਿਆਂ ਇਸ ਦਾ ਭਾਅ ਘੱਟੋ ਘੱਟ ਸਰਕਾਰ ਨੂੰ 4000 ਰੁਪਏ ਪ੍ਰਤੀ ਕੁਇੰਟਲ ਨਿਸ਼ਚਿਤ ਕਰਨਾ ਚਾਹੀਦਾ ਹੈ, ਤਾਂ ਜੋ ਕਿਸਾਨਾਂ ਦੇ ਖਰਚੇ ਪੂਰੇ ਹੋ ਸਕਣ | ਇਸ ਸਮੇਂ ਆੜ੍ਹਤੀ ਐਸੋਸੀਏਸ਼ਨ ਦੇ ਚੇਅਰਮੈਨ ਓਮ ਪ੍ਰਕਾਸ਼ ਜਵਾਹਰਵਾਲਾ, ਵਿਜੇ ਕੁਮਾਰ ਮੁਨੀਮ, ਰਾਮ ਕੁਮਾਰ ਰੋੜੇਵਾਲਾ, ਅਸ਼ੋਕ ਕੁਮਾਰ, ਗੁਰੰਸ਼ ਗੋਇਲ, ਰਾਮ ਗੋਇਲ ਲਹਿਲ ਕਲਾਂ ਵਾਲੇ, ਸੁਰਿੰਦਰ ਸਿੰਦੀ, ਮੁਨੀਮ ਯੂਨੀਅਨ ਦੇ ਪ੍ਰਧਾਨ ਵਿੱਕੀ ਸ਼ਰਮਾ, ਰਿੰਕੂ ਸ਼ਰਮਾ, ਧਰਮਪਾਲ ਗੱਟੀ ਤੋਂ ਇਲਾਵਾ ਹੋਰ ਵੀ ਆੜ੍ਹਤੀ ਅਤੇ ਖ਼ਰੀਦਦਾਰ ਮੌਜੂਦ ਸਨ |