ਖਨੌਰੀ, 25 ਸਤੰਬਰ (ਬਲਵਿੰਦਰ ਸਿੰਘ ਥਿੰਦ) - ਨੇੜਲੇ ਪਿੰਡ ਭੁੱਲਣ ਵਿਖੇ ਸਥਿਤ ਇਕ ਸ਼ਮਸ਼ਾਨਘਾਟ ਵਿਖੇ ਮਿ੍ਤਕ ਵਿਅਕਤੀਆਂ ਦਾ ਅੰਤਿਮ ਸੰਸਕਾਰ ਕਰਨ ਵਾਲੇ ਸਥਾਨ 'ਤੇ ਕੋਈ ਸ਼ੈੱਡ ਵਗ਼ੈਰਾ ਨਹੀਂ ਹੋਣ ਕਾਰਨ ਬਰਸਾਤਾਂ ਦੇ ਮੌਸਮ ਵਿਚ ਪਿੰਡ ਵਾਸੀਆਂ ਨੂੰ ਕਿਸੇ ਮਿ੍ਤਕ ਦੇ ਅੰਤਿਮ ਸੰਸਕਾਰ ਕਰਨ ਵੇਲੇ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ | ਕਾਂਗਰਸੀ ਆਗੂ ਦੁਰਲੱਭ ਸਿੰਘ ਸਿੱਧੂ ਨੇ ਆਪਣੀ ਟੀਮ ਦੇ ਸਹਿਯੋਗ ਨਾਲ 10-15 ਦਿਨਾਂ ਵਿਚ ਹੀ ਸ਼ਮਸ਼ਾਨਘਾਟ ਵਿਚ ਸ਼ੈੱਡ ਬਣਵਾ ਕੇ ਅੱਜ ਪਿੰਡ ਵਾਸੀਆਂ ਨੂੰ ਸਮਰਪਿਤ ਕਰ ਦਿੱਤਾ ਗਿਆ ਹੈ | ਇਸ ਮੌਕੇ 'ਤੇ ਦੁਰਲੱਭ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿੰਡ ਭੁੱਲਣ ਪੀਣ ਵਾਲੇ ਸ਼ੁੱਧ ਪਾਣੀ ਦੀ ਵੀ ਕਈ ਦਹਾਕਿਆਂ ਤੋਂ ਸਮੱਸਿਆ ਬਣੀ ਹੋਈ ਹੈ | ਉਨ੍ਹਾਂ ਪਿੰਡ ਵਿਖੇ ਪੀਣ ਵਾਲੇ ਪਾਣੀ ਦੇ ਲੰਬੇ ਸਮੇਂ ਤੋਂ ਲਟਕੇ ਪਏ ਮਸਲੇ 'ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਮੁੱਦਾ ਉਹ ਛੇ ਮਹੀਨੇ ਪਹਿਲਾਂ ਹੀ ਸਰਕਾਰ ਦੇ ਧਿਆਨ ਵਿਚ ਲਿਆ ਚੁੱਕੇ ਹਨ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ | ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਪਿੰਡ ਭੁੱਲਣ ਵਿਖੇ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਤੁਰੰਤ ਹੱਲ ਕੀਤਾ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਲੋਕਾਂ ਨੂੰ ਆਪਣੀ ਜ਼ਿੰਦਗੀ ਦੀਆਂ ਬੁਨਿਆਦੀ ਸੁਵਿਧਾਵਾਂ ਲਈ ਹੋਰ ਉਡੀਕ ਨਾ ਕਰਨੀ ਪਵੇ | ਇਸ ਮੌਕੇ ਤੇ ਮਹਾਂਵੀਰ ਪ੍ਰਸ਼ਾਦ ਢੇਲਾ, ਭੋਦੂ ਰਾਮ, ਲਵਲੀ ਭੁੱਲਣ, ਲਾਡੀ ਧੀਮਾਨ, ਸਤੀਸ਼ ਬੰਗਾਂ, ਸਜੀਵ ਕੁਮਾਰ, ਗੁਰਪ੍ਰੀਤ ਸਿੰਘ, ਸੱਤਾ ਸਿੰਘ, ਰਣਧੀਰ ਸਿੰਘ, ਚਰਨਜੀਤ ਸਿੰਘ ਆਦਿ ਮੌਜੂਦ ਸਨ |