ਲੌਂਗੋਵਾਲ, 21 ਅਕਤੂਬਰ (ਵਿਨੋਦ, ਖੰਨਾ) - ਕੈਬਨਿਟ ਮੰਤਰੀ ਅਮਨ ਅਰੋੜਾ ਦੀ ਅਗਵਾਈ ਹੇਠ ਲੌਂਗੋਵਾਲ ਸ਼ਹਿਰ ਵਿਚ ਵਿਕਾਸ ਕਾਰਜਾਂ ਦੀ ਲੜੀ ਤਹਿਤ ਅੱਜ ਨਗਰ ਕੌਂਸਲ ਪ੍ਰਧਾਨ ਪਰਮਿੰਦਰ ਕੌਰ ਬਰਾੜ ਵਲੋਂ ਸਟਰੀਟ ਲਾਈਟ ਪ੍ਰੋਜੈਕਟ ਦੀ ਰਸਮੀ ਸ਼ੁਰੂਆਤ ਕੀਤੀ ਗਈ | ਬਲਾਕ ਪ੍ਰਧਾਨ ਵਿੱਕੀ ਵਸਿਸ਼ਟ ਦੀ ਮੌਜੂਦਗੀ ਵਿਚ ਮੈਡਮ ਬਰਾੜ ਨੇ ਵਾਰਡ ਨੰਬਰ 1 ਅਤੇ 2 ਵਿਚ ਨਵੀਆਂ ਸਟਰੀਟ ਲਾਈਟਾਂ ਦਾ ਉਦਘਾਟਨ ਕੀਤਾ | ਪਰਮਿੰਦਰ ਕੌਰ ਬਰਾੜ ਨੇ ਦੱਸਿਆ ਕਿ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਦੂਰ-ਦਰਸ਼ੀ ਸੋਚ ਅਤੇ ਸਹਿਯੋਗ ਨਾਲ ਲੌਂਗੋਵਾਲ ਵਿਚ ਕੁੱਲ 1 ਕਰੋੜ 48 ਲੱਖ ਰੁਪਏ ਦੀ ਲਾਗਤ ਨਾਲ 800 ਤੋਂ ਵੱਧ ਸਟਰੀਟ ਲਾਈਟਾਂ ਲਗਾਈਆਂ ਜਾਣੀਆਂ ਹਨ | ਇਹ ਕੰਮ ਪੜਾਅ ਵਾਰ ਤਰੀਕੇ ਨਾਲ ਪੂਰਾ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਯਤਨਾਂ ਨਾਲ ਲੌਂਗੋਵਾਲ ਦੀ ਕੋਈ ਵੀ ਮੰਗ ਅਧੂਰੀ ਨਹੀਂ ਰਹੀ | ਬਲਾਕ ਪ੍ਰਧਾਨ ਵਿੱਕੀ ਵਸਿਸ਼ਟ ਨੇ ਮੰਤਰੀ ਦਾ ਧੰਨਵਾਦ ਕਰਦੇ ਹੋਏ ਭਰੋਸਾ ਦਿੱਤਾ ਕਿ ਸਾਰਾ ਪ੍ਰੋਜੈਕਟ ਪੂਰੀ ਇਮਾਨਦਾਰੀ ਅਤੇ ਪਾਰਦਰਸ਼ੀ ਤਰੀਕੇ ਨਾਲ ਮੁਕੰਮਲ ਕੀਤਾ ਜਾਵੇਗਾ | ਇਸ ਮੌਕੇ ਕੌਂਸਲਰ ਮੇਲਾ ਸਿੰਘ ਸੂਬੇਦਾਰ, ਰਣਜੀਤ ਸਿੰਘ ਕੂਕਾ ਸਾ. ਮੀਤ ਪ੍ਰਧਾਨ, ਬਲਵਿੰਦਰ ਸਿੰਘ, ਪ੍ਰੀਤਮ ਸਿੰਘ ਹੌਲਦਾਰ, ਸੀਨੀਅਰ ਆਪ ਆਗੂ ਸਿੱਪੀ ਧੀਮਾਨ ਅਤੇ ਹੋਰ ਪਤਵੰਤੇ ਹਾਜ਼ਰ ਸਨ |