ਲਹਿਰਾਗਾਗਾ, 1 ਨਵੰਬਰ (ਅਸ਼ੋਕ ਗਰਗ)-ਲਹਿਰਾਗਾਗਾ ਦੀ ਪੁਲਿਸ ਵਲੋਂ ਪਿੰਡ ਖਾਈ ਦੇ ਨੌਜਵਾਨਾਂ 'ਤੇ ਕਿਸੇ ਦਬਾਅ ਹੇਠ ਝੂਠੇ ਪਰਚੇ ਪਾ ਕੇ ਤੰਗ ਪ੍ਰੇਸ਼ਾਨ ਕਰਨ ਨੂੰ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਕਿਹਾ ਕਿ ਕਈ ਮਹੀਨੇ ਪਹਿਲਾਂ ਕਿਸੇ ਜ਼ਮੀਨੀ ਵਿਵਾਦ ਦੇ ਚੱਲਦਿਆਂ ਥਾਣਾ ਲਹਿਰਾਗਾਗਾ ਦੇ ਪਿੰਡ ਖਾਈ ਦੇ ਮਾਸਟਰ ਨਿਰਭੈ ਸਿੰਘ 'ਤੇ ਹਮਲਾ ਕਰ ਕੇ ਲੱਤਾਂ ਬਾਂਹਾਂ ਤੋੜ ਦਿੱਤੀਆਂ ਗਈਆਂ ਸੀ, ਜਿਸ ਨੂੰ ਲੈ ਕੇ ਕਈ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਹੋਇਆ ਸੀ ਪਰ ਕੁੱਝ ਅਖੌਤੀ ਕਿਸਾਨ ਜਥੇਬੰਦੀਆਂ ਵਲੋਂ ਪਿੰਡ ਖਾਈ ਦੇ ਦੋ ਨੌਜਵਾਨਾਂ ਮਨਜੀਤ ਸਿੰਘ ਤੇ ਸਮਿੰਦਰਦੀਪ ਸਿੰਘ ਸ਼ੰਮੀ ਨੂੰ ਉਕਤ ਪਰਚੇ 'ਚ ਸ਼ਾਮਿਲ ਕਰਨ ਲਈ ਪੁਲਿਸ ਪ੍ਰਸ਼ਾਸਨ 'ਤੇ ਦਬਾਅ ਪਾਇਆ ਜਾਂਦਾ ਰਿਹਾ ਜਦਕਿ ਪੁਲਿਸ ਵਲੋਂ ਬਰੀਕੀ ਨਾਲ ਕੀਤੀ ਜਾਂਚ ਉਕਤ ਦੋਵੇਂ ਨੌਜਵਾਨ ਨਿਰਦੋਸ਼ ਪਾਏ ਗਏ | ਕਿਸਾਨ ਆਗੂ ਰਣ ਸਿੰਘ ਚੱਠਾ ਨੇ ਕਿਹਾ ਕਿ 7 ਸਤੰਬਰ 2025 ਨੂੰ ਜਦੋਂ ਉਕਤ ਮਨਜੀਤ ਸਿੰਘ ਖਾਈ ਆਪਣੇ ਖੇਤ ਨੂੰ ਜਾ ਰਿਹਾ ਸੀ ਤਾਂ ਮਾਸਟਰ ਨਿਰਭੈ ਸਿੰਘ ਦੇ ਪਿਤਾ ਅਜਮੇਰ ਸਿੰਘ ਨੇ ਉਸ ਵੱਲ ਗਲਤ ਤੇ ਅਸ਼ਲੀਲ ਇਸ਼ਾਰੇ ਕਰਦਿਆਂ ਗਾਲੀ ਗਲੋਚ ਕੀਤੀ, ਯੂਨੀਅਨ ਵਲੋਂ ਧਰਨਾ ਲਗਾ ਕੇ ਝੂਠਾ ਪਰਚਾ ਕਰਾਉਣ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਤੱਕ ਦਿੱਤੀਆਂ ਗਈਆਂ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ, ਇਸ ਸਬੰਧੀ ਮਨਜੀਤ ਸਿੰਘ ਵਲੋਂ ਪਹਿਲਾਂ ਸਿਟੀ ਪੁਲਿਸ ਵਿਖੇ ਦਰਖਾਸਤ ਦਿੱਤੀ ਗਈ ਪਰ ਉੱਥੇ ਕੋਈ ਕਾਰਵਾਈ ਨਾ ਹੋਣ ਤੇ 10 ਸਤੰਬਰ 2025 ਨੂੰ ਐੱਸ.ਐੱਸ.ਪੀ ਸੰਗਰੂਰ ਨੂੰ ਵੀ ਦਰਖਾਸਤ ਦਿੱਤੀ ਗਈ ਸੀ ਜਿਸ 'ਤੇ ਪੁਲਿਸ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਅਮਲ 'ਚ ਨਹੀਂ ਲਿਆਂਦੀ ਗਈ ਜਦ ਕਿ ਦੂਸਰੇ ਪਾਸੇ ਕੁੱਝ ਕਿਸਾਨ ਜਥੇਬੰਦੀਆਂ ਵਲੋਂ ਮਾਸਟਰ ਨਿਰਭੈ ਸਿੰਘ ਦੇ ਮਾਮਲੇ ਨੂੰ ਲੈ ਕੇ 25 ਸਤੰਬਰ 2025 ਨੂੰ ਐੱਸ.ਐੱਸ.ਪੀ ਦਫ਼ਤਰ ਅੱਗੇ ਧਰਨਾ ਦੇਣ ਦੇ ਕੀਤੇ ਐਲਾਨ ਦੇ ਦਬਾਅ ਹੇਠ 24 ਸਤੰਬਰ ਨੂੰ ਪ੍ਰਸ਼ਾਸਨ ਨਾਲ ਹੋਈ ਮੀਟਿੰਗ ਉਪਰੰਤ ਉਕਤ ਦੋਵੇਂ ਨੌਜਵਾਨਾਂ ਮਨਜੀਤ ਸਿੰਘ ਤੇ ਸੁਮਿੰਦਰਦੀਪ ਸਿੰਘ ਖ਼ਿਲਾਫ਼ ਆਰਮਜ ਐਕਟ ਦਾ ਝੂਠਾ ਪਰਚਾ ਕਿਸੇ ਪੁਰਾਣੀ ਵੀਡੀਓ ਦੇ ਅਧਾਰ 'ਤੇ ਕਰਵਾ ਦਿੱਤਾ ਜਿਸ ਵੀਡੀਓ ਵਿਚ ਮਨਜੀਤ ਸਿੰਘ ਤਾਂ ਸ਼ਾਮਿਲ ਵੀ ਨਹੀਂ ਸੀ ਤੇ ਪੁਲਿਸ ਪ੍ਰਸ਼ਾਸਨ ਨੇ ਦਬਾਅ ਪਾ ਕੇ ਮਨਜੀਤ ਸਿੰਘ ਤੋਂ ਮਾਸਟਰ ਨਿਰਭੈ ਸਿੰਘ ਦੇ ਪਿਤਾ ਖ਼ਿਲਾਫ਼ ਦਿੱਤੀ ਅਰਜੀ 'ਤੇ ਕੋਈ ਕਾਰਵਾਈ ਨਾ ਕਰਵਾਉਣ ਦੇ ਦਸਤਖ਼ਤ ਕਰਵਾ ਕੇ ਅਰਜ਼ੀ ਨੂੰ ਦਫ਼ਤਰ ਦਾਖਲ ਕਰ ਦਿੱਤਾ | ਉਨ੍ਹਾਂ ਕਿਹਾ ਕਿ ਬੀਤੇ ਦਿਨ ਫਿਰ ਮਾਸਟਰ ਨਿਰਭੈ ਸਿੰਘ ਖਾਈ ਦੇ ਪਿਤਾ ਅਜਮੇਰ ਸਿੰਘ ਵਲੋਂ ਉਕਤ ਨੌਜਵਾਨ ਮਨਜੀਤ ਸਿੰਘ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਮੰਦਾ ਚੰਗਾ ਬੋਲਿਆ ਗਿਆ ਜਿਸ ਕਰ ਕੇ ਦੋਵਾਂ ਵਿਚਕਾਰ ਤਲਖੀ ਤੇ ਹੱਥੋਪਾਈ ਵੀ ਹੋਈ ਜਿਸ ਸਬੰਧੀ ਮਨਜੀਤ ਸਿੰਘ ਵੱਲੋਂ ਪੁਲਿਸ ਚੌਂਕੀ ਵਿਖੇ ਦਰਖਾਸਤ ਵੀ ਦਿੱਤੀ ਗਈ ਜਿਸ 'ਤੇ ਕੋਈ ਕਾਰਵਾਈ ਕਰਨ ਦੀ ਬਜਾਏ, ਹੁਣ ਫਿਰ ਪੁਲਿਸ ਪ੍ਰਸ਼ਾਸਨ ਨੇ ਮਾਸਟਰ ਨਿਰਭੈ ਸਿੰਘ ਦੇ ਪਿਤਾ ਅਜਮੇਰ ਸਿੰਘ ਦੇ ਬਿਆਨਾਂ 'ਤੇ ਮਨਜੀਤ ਸਿੰਘ ਖ਼ਿਲਾਫ਼ ਪਰਚਾ ਦਰਜ ਕਰ ਕੇ ਉਸ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਕਿਸਾਨ ਆਗੂ ਰਣ ਸਿੰਘ ਚੱਠਾ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਕਤ ਮਾਮਲੇ ਦੀ ਨਿਰਪੱਖਤਾ ਨਾਲ ਜਾਂਚ ਕਰ ਕੇ ਪਿੰਡ ਖਾਈ ਦੇ ਇਨ੍ਹਾਂ ਨੌਜਵਾਨਾਂ ਨੂੰ ਇਨਸਾਫ਼ ਦਿੱਤਾ ਜਾਵੇ ਨਹੀਂ ਤਾਂ ਜਥੇਬੰਦੀ ਨੌਜਵਾਨਾਂ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ | ਇਸ ਮੌਕੇ ਬਲਾਕ ਲਹਿਰਾਗਾਗਾ ਦੇ ਪ੍ਰਧਾਨ ਭੂਰਾ ਸਿੰਘ ਸਲੇਮਗੜ੍ਹ, ਜਨਰਲ ਸਕੱਤਰ ਰਾਮਫਲ ਸਿੰਘ ਜਲੂਰ, ਖਜਾਨਚੀ ਲਖਵਿੰਦਰ ਸਿੰਘ ਡੂਡੀਆਂ, ਪ੍ਰੈੱਸ ਸਕੱਤਰ ਜਤਿੰਦਰ ਸਿੰਘ ਜਲੂਰ ਮੌਜੂਦ ਸਨ |