ਲੌਂਗੋਵਾਲ, 22 ਨਵੰਬਰ (ਵਿਨੋਦ, ਖੰਨਾ)-ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਦੇ 150ਵੇਂ ਜਨਮ ਦਿਹਾੜੇ ਮੌਕੇ ਸਲਾਇਟ ਯੂਨੀਵਰਸਿਟੀ ਲੌਂਗੋਵਾਲ ਦੇ ਵਿਦਿਆਰਥੀਆਂ ਵੱਲੋਂ ਜ਼ਿਲ੍ਹਾ ਪੱਧਰੀ ਏਕਤਾ ਮਾਰਚ ਕੱਢਿਆ ਗਿਆ | ਡਾਇਰੈਕਟਰ ਸਲਾਇਟ ਪ੍ਰੋ. ਮਨੀ ਕਾਂਤ ਪਾਸਵਾਨ ਦੀ ਅਗਵਾਈ ਹੇਠ ਕਰਵਾਏ ਜਾ ਇਸ ਮਾਰਚ ਵਿਚ ਰਾਜ ਸਭਾ ਮੈਂਬਰ ਪ੍ਰੋ. ਸਿਕੰਦਰ ਕੁਮਾਰ ਅਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਨੇ ਸ਼ਮੂਲੀਅਤ ਕੀਤੀ | ਪ੍ਰੋ. ਸਿਕੰਦਰ ਕੁਮਾਰ ਨੇ ਆਪਣੇ ਸੰਬੋਧਨ ਵਿਚ ਲੋਹ ਪੁਰਸ਼ ਸਰਦਾਰ ਵੱਲਭਭਾਈ ਪਟੇਲ ਦੁਆਰਾ ਅਖੰਡ ਭਾਰਤ ਦੇ ਨਿਰਮਾਣ ਲਈ ਕੀਤੇ ਗਏ ਯੋਗਦਾਨ ਦਾ ਵਿਸਥਾਰ ਨਾਲ ਵਰਣਨ ਕੀਤਾ | ਉਨ੍ਹਾਂ ਨੇ ਸਰਦਾਰ ਪਟੇਲ ਦੀ ਏਕਤਾ ਅਤੇ ਅਖੰਡਤਾ ਦੀ ਮੁਹਿੰਮ ਉੱਤੇ ਜ਼ੋਰ ਦਿੰਦੇ ਹੋਏ ਵਿਦਿਆਰਥੀਆਂ ਅਤੇ ਬੁੱਧੀਜੀਵੀਆਂ ਨੂੰ ਇਸ ਪਦਯਾਤਰਾ ਵਿਚ ਹਿੱਸਾ ਲੈਣ ਅਤੇ ਦੇਸ਼ ਦੀ ਏਕਤਾ ਤੇ ਆਤਮ ਨਿਰਭਰਤਾ ਨੂੰ ਅੱਗੇ ਵਧਾਉਣ ਲਈ ਵਧਾਈ ਅਤੇ ਹੌਸਲਾ ਦਿੱਤਾ | ਪ੍ਰੋ. ਮਨੀਕਾਂਤ ਪਾਸਵਾਨ ਨੇ ਵੀ ਸਰਦਾਰ ਪਟੇਲ ਦੇ ਦਿ੍ਸ਼ਟੀਕੋਣ ਅਤੇ ਕਾਰਜਾਂ ਨੂੰ ਚਿੱਤਰਾਤਮਕ ਅਤੇ ਜੀਵੰਤ ਢੰਗ ਨਾਲ ਪੇਸ਼ ਕੀਤਾ | ਏਕਤਾ ਮਾਰਚ ਸਲਾਇਟ ਲੌਂਗੋਵਾਲ ਤੋਂ ਲੌਂਗੋਵਾਲ ਦੇ ਰਾਮ-ਲੀਲ੍ਹਾ ਮੈਦਾਨ ਤੱਕ ਗਿਆ ਅਤੇ ਫਿਰ ਵਾਪਸ ਸਲਾਇਟ ਵਿਚ ਆ ਕੇ ਸੰਪੰਨ ਹੋਇਆ | ਇਸ ਮੌਕੇ ਜ਼ਿਲ੍ਹਾ ਯੂਥ ਅਫ਼ਸਰ ਸ਼੍ਰੀ ਰਾਹੁਲ, ਅਤੇ ਪ੍ਰੋ. ਐਮ.ਐਮ. ਸਿਨਹਾ ਨੇ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ |