ਲੌਂਗੋਵਾਲ, 22 ਨਵੰਬਰ (ਸ.ਸ.ਖੰਨਾ, ਵਿਨੋਦ) - ਭਾਰਤੀ ਕਿਸਾਨ ਯੂਨੀਅਨ ਏਕਤਾ (ਆਜ਼ਾਦ) ਜਥੇਬੰਦੀ ਵਲੋਂ ਕੇ.ਐਮ.ਐਮ. ਵਲੋਂ ਦਿੱਤੇ ਪ੍ਰੋਗਰਾਮਾਂ ਨੂੰ ਲਾਗੂ ਕਰਵਾਉਣ ਲਈ ਅੱਜ ਜ਼ਿਲ੍ਹਾ ਸੰਗਰੂਰ ਦੀ ਵਧਵੀਂ ਮੀਟਿੰਗ ਕਿਲ੍ਹਾ ਭਰੀਆਂ ਦੇ ਗੁਰਦੁਆਰਾ ਵਿਖੇ ਕੀਤੀ ਗਈ | ਆਉਣ ਵਾਲੇ ਪ੍ਰੋਗਰਾਮਾਂ ਤੇ ਮੁੱਦਿਆਂ ਤੇ ਸੰਖੇਪ ਵਿਚ ਚਰਚਾ ਕੀਤੀ ਗਈ | ਇਸ ਮੌਕੇ ਸੂਬਾ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਅਤੇ ਮਨਜੀਤ ਸਿੰਘ ਨਿਆਲ, ਆਗੂ ਬਲਜੀਤ ਕੌਰ ਕਿਲਾ ਭਰੀਆਂ ਨੇ ਦੱਸਿਆ ਕਿ ਬਿਜਲੀ ਬਿੱਲ ਦੇ ਖਰੜੇ ਵਿਚਲੀਆਂ ਮਦਾਂ ਤੋਂ ਸਾਫ਼ ਹੁੰਦਾ ਹੈ ਕਿ ਅਗਰ ਇਹ ਬਿੱਲ ਕਾਨੂੰਨ ਦਾ ਰੂਪ ਧਾਰਨ ਕਰ ਜਾਂਦਾ ਹੈ ਤਾਂ ਬਿਜਲੀ ਤੇ ਦਿੱਤੀ ਜਾਣ ਵਾਲੀ ਹਰ ਤਰ੍ਹਾਂ ਦੀ ਸਬਸਿਡੀ ਬੰਦ ਹੋਵੇਗੀ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਅਧਿਕਾਰ ਨਹੀਂ ਕਿ ਉਹ ਅਜਿਹੇ ਕਾਨੂੰਨ ਬਣਾਵੇ, ਕਿਉਂਕਿ ਭਾਰਤ ਰਾਜਾਂ ਦਾ ਇੱਕ ਸੰਘ ਹੈ ਅਤੇ ਸੰਘੀ ਢਾਂਚੇ ਅਨੁਸਾਰ ਹੀ ਠੀਕ ਚੱਲ ਸਕਦਾ ਹੈ | ਉਨ੍ਹਾਂ ਜਾਣਕਾਰੀ ਦਿੱਤੀ ਕਿ 10 ਦਸੰਬਰ ਨੂੰ ਚਿੱਪ ਵਾਲੇ ਮੀਟਰ ਪੁੱਟ ਕੇ ਬਿਜਲੀ ਬੋਰਡ ਦੇ ਦਫ਼ਤਰਾਂ ਵਿਚ ਜਮ੍ਹਾ ਕਰਵਾਏ ਜਾਣਗੇ | ਸਰਕਾਰ ਨਿੱਜੀਕਰਨ ਦੀ ਨੀਤੀ ਤਹਿਤ ਲਿਆਂਦਾ ਗਿਆ ਬਿਜਲੀ ਸੋਧ ਬਿੱਲ 2025 ਦਾ ਖਰੜਾ ਰੱਦ ਕਰ ਕੇ 1948 ਦਾ ਲੋਕ ਪੱਖੀ ਬਿਜਲੀ ਐਕਟ ਲਾਗੂ ਕਰੇ | ਸ਼ੰਭੂ ਅਤੇ ਖਨੌਰੀ ਬਾਰਡਰਾਂ ਤੇ ਲੱਗੇ ਮੋਰਚੇ ਤੇ ਕੀਤੇ ਗਏ ਨੁਕਸਾਨ ਦੀ ਤੁਰੰਤ ਭਰਵਾਈ ਕਰੇ ਪੰਜਾਬ ਸਰਕਾਰ ਪਰਾਲੀ ਸਾੜਨ ਦੇ ਸਬੰਧ ਵਿਚ ਕੀਤੇ ਗਏ ਪਰਚੇ ਅਤੇ ਜੁਰਮਾਨੇ ਨੂੰ ਰੱਦ ਕਰੇ | ਕਿਸਾਨ ਆਗੂਆਂ ਤੇ ਰੇਲਵੇ ਵਿਭਾਗ ਵਲੋਂ ਪਾਏ ਪਰਚਿਆਂ ਨੂੰ ਰੱਦ ਕਰ ਕੇ ਨਾਭੇ ਸ਼ਹਿਰ ਦੇ ਟਰਾਲੀ ਚੋਰਾ ਨੂੰ ਗਿ੍ਫ਼ਤਾਰ ਕਰ ਕੇ ਸਲਾਖ਼ਾਂ ਪਿੱਛੇ ਕੀਤਾ ਜਾਵੇ | ਇਨ੍ਹਾਂ ਸਾਰੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ 17,18 ਦਸੰਬਰ ਨੂੰ ਡੀ.ਸੀ., ਦਫ਼ਤਰਾਂ ਤੇ ਪੱਕਾ ਮੋਰਚਾ ਲਾਇਆ ਜਾਵੇਗਾ | ਜੇਕਰ ਸਰਕਾਰ ਉਕਤ ਮੰਗਾਂ ਨੂੰ ਨਹੀਂ ਮੰਨਦੀ ਤਾਂ 19 ਦਸੰਬਰ ਨੂੰ ਰੇਲਾਂ ਰੋਕੀਆਂ ਜਾਣਗੀਆਂ |