ਸੰਗਰੂਰ, 5 ਦਸੰਬਰ (ਦਮਨਜੀਤ ਸਿੰਘ)-ਵਾਤਾਵਰਨ ਸਿਹਤ ਅਤੇ ਨਾਗਰਿਕ ਸਰਗਰਮੀ ਲਈ ਇੱਕ ਮਹੱਤਵਪੂਰਨ ਜਿੱਤ ਵਿਚ, ਨੈਸ਼ਨਲ ਗ੍ਰੀਨ ਟਿ੍ਬਿਊਨਲ ਪਿ੍ੰਸੀਪਲ ਬੈਂਚ, ਨਵੀਂ ਦਿੱਲੀ, ਨੇ ਸੰਗਰੂਰ ਸ਼ਹਿਰ ਵਿਚ ਠੋਸ ਅਤੇ ਬਾਇਓ-ਮੈਡੀਕਲ ਕੂੜੇ ਦੇ ਵੱਡੇ ਪੱਧਰ 'ਤੇ ਕੁਪ੍ਰਬੰਧ ਦਾ ਗੰਭੀਰ ਨੋਟਿਸ ਲਿਆ ਹੈ | ਟਿ੍ਬਿਊਨਲ, ਜਿਸ ਵਿਚ ਮਾਨਯੋਗ ਜਸਟਿਸ ਪ੍ਰਕਾਸ਼ ਸ੍ਰੀਵਾਸਤਵ (ਚੇਅਰਪਰਸਨ) ਅਤੇ ਮਾਹਿਰ ਮੈਂਬਰ ਡਾ. ਏ. ਸੇਂਥਿਲ ਵੇਲ ਅਤੇ ਡਾ. ਅਫਰੋਜ਼ ਅਹਿਮਦ ਸ਼ਾਮਿਲ ਸਨ, ਨੇ ਐਡਵੋਕੇਟ ਕਮਲ ਅਨੰਦ ਵਲੋਂ ਇਸ ਮਾਮਲੇ ਵਿਚ ਪੰਜਾਬ ਸਰਕਾਰ ਅਤੇ ਹੋਰਨਾਂ ਖ਼ਿਲਾਫ਼ ਦਾਇਰ ਕੀਤੀ ਅਰਜ਼ੀ ਨੂੰ 2 ਦਸੰਬਰ ਨੂੰ ਦਾਖਲ ਕਰ ਲਿਆ ਸੀ | ਅੱਜ ਸਥਾਨਕ ਇੱਕ ਹੋਟਲ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸਮਾਜਿਕ ਕਾਰਕੁੰਨ ਜਤਿੰਦਰ ਕਾਲੜਾ ਨੇ ਦੱਸਿਆ ਕਿ ਸ਼ਹਿਰ ਦੇ ਕੂੜੇ ਦੇ ਗੰਭੀਰ ਮਾਮਲੇ ਵਿਚ ਐਡਵੋਕੇਟ ਕਮਲ ਆਨੰਦ ਦੀ ਅਗਵਾਈ ਵਿਚ ਸਮਾਜਿਕ ਕਾਰਕੰੁਨ ਇੰਜੀਨੀਅਰ ਪ੍ਰਵੀਨ ਬਾਂਸਲ, ਨਗਰ ਕੌਂਸਲਰ ਸਤਿੰਦਰ ਸੈਣੀ, ਜਤਿੰਦਰ ਕਾਲੜਾ ਅਤੇ ਵਾਤਾਵਰਨ ਪ੍ਰੇਮੀ ਰੌਸ਼ਨ ਗਰਗ ਦੁਆਰਾ ਸਮਰਥਿਤ ਇਸ ਅਰਜ਼ੀ ਵਿਚ, ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਸੰਗਰੂਰ ਦੁਆਰਾ ਆਪਣੇ ਅਧਿਕਾਰਤ ਜ਼ਿਲ੍ਹਾ ਵਾਤਾਵਰਨ ਯੋਜਨਾ ਵਿਚ ਕੀਤੇ ਗਏ ਦਾਅਵਿਆਂ ਨੂੰ ਸਿੱਧੇ ਤੌਰ 'ਤੇ ਚੁਨੌਤੀ ਦਿੰਦੇ ਹੋਏ, ਵਿਆਪਕ ਵਾਤਾਵਰਨ ਉਲੰਘਣਾਵਾਂ ਦਾ ਬਾਰੀਕੀ ਨਾਲ ਦਸਤਾਵੇਜ਼ੀਕਰਨ ਕਰ ਕੇ ਪੇਸ਼ ਕੀਤਾ ਕੀਤਾ ਗਿਆ | ਐਡਵੋਕੇਟ ਕਮਲ ਅਨੰਦ ਨੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਵਲੋਂ ਪਾਈ ਗਈ ਅਰਜ਼ੀ ਵਿਚ ਸਰਕਾਰੀ ਅਧਿਕਾਰੀਆਂ ਦੇ ਦਾਅਵਿਆਂ ਤੋਂ ਬਿਲਕੁੱਲ ਉਲਟ ਕੁਝ ਐਸੀਆਂ ਹੈਰਾਨੀਜਨਕ ਹਕੀਕਤਾਂ ਦਾ ਵੇਰਵਾ ਦਿੱਤਾ ਗਿਆ ਹੈ, ਜਿਨ੍ਹਾਂ ਉੱਤੇ ਐਨ.ਜੀ.ਟੀ. ਵਲੋਂ ਸਖ਼ਤ ਨੋਟਿਸ ਲਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਅਰਜ਼ੀ ਵਿਚ ਇਹ ਵੀ ਦਰਸਾਇਆ ਗਿਆ ਹੈ ਕਿ ਨਗਰ ਕੌਂਸਲ ਦਾ ਠੋਸ ਕੂੜਾ ਬੇਸ਼ਰਮੀ ਨਾਲ ਪਾਣੀ ਦੀ ਨਿਕਾਸੀ ਵਿਚ ਸੁੱਟਿਆ ਜਾ ਰਿਹਾ ਸੀ, ਜਿਸ ਦੇ ਨਤੀਜੇ ਵਜੋਂ ਪਾਣੀ ਪ੍ਰਦੂਸ਼ਣ ਮਨੁੱਖੀ ਜੀਵਨ ਅਤੇ ਪ੍ਰਜਾਤੀਆਂ ਨੂੰ ਖ਼ਤਰੇ ਵਿਚ ਪਾਉਂਦਾ ਹੈ | ਸ਼ਹਿਰ ਦੀ ਲੈਂਡਫਿਲ ਸਾਈਟ ਓਵਰਫਲੋ ਹੋ ਰਹੀ ਸੀ, ਲਾਜ਼ਮੀ ਚਾਰਦੀਵਾਰੀ ਦੀਆਂ ਕੰਧਾਂ, ਪੌਦੇ ਲਗਾਉਣ ਜਾਂ ਭਾਰ ਮਾਪਣ ਪ੍ਰਣਾਲੀਆਂ (ਮਸ਼ੀਨ ਕੰਡਾ) ਤੋਂ ਬਿਨਾਂ ਕੰਮ ਕਰ ਰਹੀ ਸੀ, ਜਿਸ ਨਾਲ ਆਸ ਪਾਸ ਦੇ ਲੋਕ ਪ੍ਰਦੂਸ਼ਣ ਅਤੇ ਬਦਬੂ ਕਾਰਨ ਪ੍ਰੇਸ਼ਾਨ ਹਨ | ਹੈਰਾਨੀ ਦੀ ਗੱਲ ਹੈ ਕਿ ਸਫ਼ਾਈ ਕਰਮਚਾਰੀਆਂ ਲਈ ਪੀਣ ਵਾਲੇ ਪਾਣੀ ਜਾਂ ਨਹਾਉਣ ਦੀਆਂ ਸਹੂਲਤਾਂ ਵੀ ਨਹੀਂ ਹਨ | ਗੰਦਗੀ ਵਿਚ ਮਿਹਨਤ ਕਰਨ ਵਾਲੇ ਮਜ਼ਦੂਰਾਂ ਨੂੰ ਸਭ ਤੋਂ ਬੁਨਿਆਦੀ ਸਨਮਾਨ ਤੋਂ ਵਾਂਝੇ ਰੱਖਿਆ ਜਾਂਦਾ ਹੈ, ਜਿਸ ਨਾਲ ਉਨ੍ਹਾਂ ਨੂੰ ਅਣਮਨੁੱਖੀ ਹਾਲਤਾਂ ਵਿਚ ਰਹਿਣ ਅਤੇ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ | ਕਮਲ ਅਨੰਦ ਨੇ ਦੱਸਿਆ ਕਿ ਉਨ੍ਹਾਂ ਵਲੋਂ ਦਿੱਤੇ ਗਏ ਸਬੂਤਾਂ ਦੇ ਅਧਾਰ ਉੱਤੇ ਐਨ.ਜੀ.ਟੀ. ਨੇ ਪੰਜਾਬ ਸਰਕਾਰ, ਸਕੱਤਰ ਸਥਾਨਕ ਸਰਕਾਰ ਪੰਜਾਬ, ਡਿਪਟੀ ਕਮਿਸ਼ਨਰ ਸੰਗਰੂਰ, ਕਾਰਜਕਾਰੀ ਅਫ਼ਸਰ ਨਗਰ ਕੌਂਸਲ ਸੰਗਰੂਰ, ਸੀਨੀਅਰ ਮੈਡੀਕਲ ਅਫ਼ਸਰ ਸੰਗਰੂਰ ਅਤੇ ਚੇਅਰਮੈਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਅਗਲੀ ਸੁਣਵਾਈ ਤੋਂ ਪਹਿਲਾਂ ਹਲਫ਼ਨਾਮੇ ਰਾਹੀਂ ਜਵਾਬ ਦਾਇਰ ਕਰਨ ਲਈ ਵੀ ਕਿਹਾ ਗਿਆ ਹੈ | ਸਮਾਜਿਕ ਕਾਰਕੰੁਨ ਜਤਿੰਦਰ ਕਾਲੜਾ, ਨਗਰ ਕੌਂਸਲਰ ਸਤਿੰਦਰ ਸੈਣੀ ਅਤੇ ਵਾਤਾਵਰਨ ਪ੍ਰੇਮੀ ਰੌਸ਼ਨ ਗਰਗ ਨੇ ਕਿਹਾ ਕਿ ਨਗਰ ਕੌਂਸਲ ਅਤੇ ਪ੍ਰਸ਼ਾਸਨ ਦੇ ਲਾਪ੍ਰਵਾਹੀ ਵਾਲੇ ਰਵੱਈਏ ਅਤੇ ਪ੍ਰਸ਼ਾਸਨ ਦੇ ਗੈਰ-ਸੰਵੇਦਨਸ਼ੀਲ ਵਿਵਹਾਰ ਕਾਰਨ ਸੰਗਰੂਰ ਦੇ ਕੂੜਾ ਪ੍ਰਬੰਧਨ ਦੀ ਸਥਿਤੀ ਦਿਨੋ-ਦਿਨ ਵਿਗੜਦੀ ਜਾ ਰਹੀ ਹੈ, ਕੂੜੇ ਦੇ ਡੰਪ ਕੂੜੇ ਦੇ ਪਹਾੜ ਵਿਚ ਬਦਲ ਰਹੇ ਹਨ | ਜਤਿੰਦਰ ਕਾਲੜਾ ਅਤੇ ਇੰਜੀਨੀਅਰ ਪ੍ਰਵੀਨ ਬਾਂਸਲ ਨੇ ਅਧਿਕਾਰਤ ਦਾਅਵਿਆਂ ਨੂੰ 'ਕਾਗ਼ਜ਼ੀ' ਕਰਾਰ ਦਿੱਤਾ | ਰੌਸ਼ਨ ਗਰਗ ਅਤੇ ਸਤਿੰਦਰ ਸੈਣੀ ਨੇ ਖੁੱਲ੍ਹੇਆਮ ਕੂੜਾ ਸਾੜਨ ਦੀ ਗੱਲ ਨੂੰ ਉਜਾਗਰ ਕਰਦਿਆਂ ਕਿਹਾ ਕਿ 28 ਨਵੰਬਰ ਨੂੰ ਨਾਭਾ ਗੇਟ ਦੇ ਬਾਹਰ, ਨਗਰ ਕੌਂਸਲ ਸੰਗਰੂਰ ਦੇ ਪੂਰੇ ਕੰਟਰੋਲ ਅਤੇ ਜਿੰਦਰੇ ਹੇਠਲੇ ਕੰਪੋਸਟ ਪਿੱਟਸ ਵਿਚ ਇੱਕ ਭਿਆਨਕ ਅੱਗ ਲੱਗ ਗਈ ਸੀ ਜਿਸ ਲਈ ਉਨ੍ਹਾਂ ਵਲੋਂ ਖ਼ੁਦ ਫਾਇਰ ਬਿ੍ਗੇਡ ਨੂੰ ਬੁਲਾਉਣਾ ਪਿਆ ਜਦੋਂ ਕਿ ਜ਼ਹਿਰੀਲੇ ਧੂੰਏਾ ਨੇ ਸ਼ਹਿਰ ਨੂੰ ਘੇਰ ਲਿਆ ਸੀ ਅਤੇ ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 26 ਫਰਵਰੀ ਨੂੰ ਹੈ |