ਮੂਨਕ, 5 ਦਸੰਬਰ (ਵਰਿੰਦਰ ਭਾਰਦਵਾਜ)-ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਵਲੋਂ ਕੇ.ਐਮ.ਐਮ. ਦੇ ਸੱਦੇ 'ਤੇ ਸਾਰੇ ਪੰਜਾਬ ਵਿਚ ਰੇਲਾਂ ਰੋਕੀਆਂ ਗਈਆਂ | ਜ਼ਿਲ੍ਹਾ ਸੰਗਰੂਰ ਦੇ ਬਲਾਕ ਲਹਿਰਾ ਮੂਨਕ ਸੁਨਾਮ ਵਲੋਂ ਛਾਜਲੀ ਰੇਲਵੇ ਟਰੈਕ 'ਤੇ ਜ਼ਿਲ੍ਹਾ ਆਗੂ ਜਸਵੀਰ ਮੇਦੇਵਾਸ ਅਤੇ ਸੁਖਦੇਵ ਸ਼ਰਮਾ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ, ਜਿੱਥੋਂ ਪੁਲਿਸ ਨੇ ਕਿਸਾਨਾਂ ਨੂੰ ਗਿ੍ਫ਼ਤਾਰ ਕਰ ਕੇ ਥਾਣਾ ਮੂਨਕ ਵਿਖੇ ਨਜ਼ਰਬੰਦ ਕੀਤਾ ਗਿਆ ਤੇ ਸ਼ਾਮ ਪੰਜ ਵਜੇ ਰਿਹਾ ਕਰ ਦਿੱਤਾ ਗਿਆ | ਲਹਿਰਾ ਬਲਾਕ ਦੇ ਪ੍ਰਧਾਨ ਮੱਖਣ ਸਿੰਘ ਪਾਪੜਾ ਨੇ ਪੈੱ੍ਰਸ ਨਾਲ ਗੱਲਬਾਤ ਦੌਰਾਨ ਦੱਸੀਆਂ ਕਿ ਸਵਾ ਸਾਲ ਦਿੱਲੀ ਦੇ ਬਾਡਰਾਂ 'ਤੇ ਰਾਤਾਂ ਕਾਲੀਆਂ ਕਰ ਕੇ ਮੋਦੀ ਸਰਕਾਰ ਵਲੋਂ ਲਿਆਂਦੇ ਤਿੰਨ ਕਾਲੇ ਕਾਨੰੂਨ ਵਾਪਸ ਕਰਵਾਏ ਸਨ, ਜਿਨ੍ਹਾਂ ਦੀ ਕੀਮਤ 750 ਕਿਸਾਨਾਂ ਦੀ ਸ਼ਹੀਦੀ ਦੇ ਕੇ ਚੁਕਾਈ ਸੀ ਉਸ ਵਿਚ ਇਹ ਬਿਜਲੀ ਐਕਟ 2020 ਵੀ ਸੀ | ਜਿਸ ਨੂੰ ਮੋਦੀ ਸਰਕਾਰ ਦੁਬਾਰਾ ਲਾਗੂ ਕਰ ਕੇ ਬਿਜਲੀ ਨੂੰ ਪ੍ਰਾਈਵੇਟ ਹੱਥਾਂ ਵਿਚ ਦੇਣਾ ਚਾਹੁੰਦੀ ਹੈ ਜਿਸ ਦਾ ਬਿੱਲ ਭਰਨਾ ਗ਼ਰੀਬ ਤਬਕੇ ਲਈ ਬਹੁਤ ਮੁਸ਼ਕਿਲ ਹੋ ਜਾਵੇਗਾ ਸੋ ਕੇ ਐਮ ਐਮ ਇਸ ਨੂੰ ਕਿਸੇ ਵੀ ਹਾਲਤ ਪ੍ਰਾਈਵੇਟ ਹੱਥਾਂ ਵਿਚ ਨਹੀ ਜਾਣ ਦੇਵੇਗੀ |