ਕੁੱਪ ਕਲਾਂ, 23 ਦਸੰਬਰ (ਸੁਖਜਿੰਦਰ ਸਿੰਘ ਝੱਲ) - ਪੰਜਾਬੀਆਂ ਅੰਦਰ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਲਈ ਮੋਹ ਦਾ ਜਾਗਣਾ ਪੰਥ ਅਤੇ ਪੰਜਾਬ ਲਈ ਵਰਦਾਨ ਸਾਬਤ ਹੋਵੇਗਾ | ਇਹ ਵਿਚਾਰ 'ਅਜੀਤ' ਨਾਲ ਸਾਂਝੇ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਭੀਮ ਸਿੰਘ ਵੜੈਚ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਬਿਨ੍ਹਾਂ ਦੂਜੀਆਂ ਸਾਰੀਆਂ ਹੀ ਪਾਰਟੀਆਂ ਕੌਮੀਅਤ ਦੇ ਸਿਧਾਂਤ 'ਤੇ ਪਹਿਰਾ ਦਿੰਦੀਆਂ ਹਨ ਜਦਕਿ ਪੰਜਾਬ ਦੀ ਇਕਲੌਤੀ ਪਾਰਟੀ ਜਿਸ ਨੂੰ ਪੰਜਾਬ ਦੀ ਮਾਂ ਪਾਰਟੀ ਵੀ ਇਸੇ ਕਰ ਕੇ ਹੀ ਆਖਿਆ ਜਾਂਦਾ ਹੈ ਕਿਉਂਕਿ ਇਹ ਸਿਰਫ਼ 'ਤੇ ਸਿਰਫ਼ ਪੰਜਾਬ ਦੇ ਸਿਧਾਂਤਾਂ ਉੱਤੇ ਪਹਿਰਾ ਦਿੰਦੀ ਹੈ | ਭੀਮ ਵੜੈਚ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਲਗਾਤਾਰ 10 ਸਾਲ ਚੱਲੀ ਸਰਕਾਰ ਦੌਰਾਨ ਜੋ ਵਿਕਾਸ ਕਾਰਜਾਂ ਦੀ ਹਨੇਰੀ ਚੱਲੀ ਉਸ ਦਾ ਰਿਕਾਰਡ ਅੱਜ ਤੱਕ ਕੋਈ ਤੋੜ ਨਹੀਂ ਪਾਇਆ ਕਿਉਂਕਿ ਸਰਕਾਰ ਚਲਾਉਣ ਦੀ ਜੋ ਸਮਝ ਬਾਦਲ ਪਰਿਵਾਰ ਕੋਲ ਹੈ ਉਹ ਹੋਰ ਕਿਸੇ ਕੋਲ ਨਹੀਂ ਹੈ | ਉਨ੍ਹਾਂ ਆਖਿਆ ਕਿ ਬੇਸ਼ੱਕ ਵਿਰੋਧੀ ਪਾਰਟੀਆਂ ਵਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਕੋਈ ਕਸਰ ਨਹੀਂ ਛੱਡੀ ਗਈ, ਹੁਣ ਪੰਜਾਬੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਲੋੜ ਮਹਿਸੂਸ ਹੋਣ ਲੱਗੀ ਹੈ, ਇਸੇ ਕਰ ਕੇ ਹੀ ਤਰ੍ਹਾਂ-ਤਰ੍ਹਾਂ ਦੀਆਂ ਸਰਕਾਰੀ ਧੱਕੇਸ਼ਾਹੀਆਂ ਦੇ ਬਾਵਜੂਦ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਮਾਣ ਪ੍ਰਾਪਤ ਹੋਇਆ ਹੈ |