ਚੀਮਾ ਮੰਡੀ, 25 ਦਸੰਬਰ (ਜਗਰਾਜ ਮਾਨ) - ਐਮ.ਐਲ.ਜੀ. ਕਾਨਵੈਂਟ ਸਕੂਲ ਦੇ ਕੈਂਪਸ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦੇ ਹੋਇਆ ਚਾਰ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਮਨਾਇਆ ਗਿਆ | ਸ਼ਹੀਦੀ ਦਿਵਸ ਨਾਲ ਸਬੰਧਿਤ ਕਵਿਤਾਵਾਂ, ਭਾਸ਼ਣ ਅਤੇ ਸ਼ਬਦ ਗਾਇਣ ਕੀਤੇ ਗਏ | ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੂੰ ਸਾਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਸਿੱਖ ਇਤਿਹਾਸ ਬਾਰੇ ਜਾਣੂ ਕਰਵਾਇਆ ਗਿਆ | ਸਾਰੇ ਵਿਦਿਆਰਥੀਆਂ ਨੂੰ ਗੁਰੂ ਗੋਬਿੰਦ ਸਿੰਘ, ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਦੀ ਸ਼ਹਾਦਤ ਦੇ ਸਬੰਧ ਵਿਚ 'ਚਾਰ ਸਾਹਿਬਜ਼ਾਦੇ' ਫ਼ਿਲਮ ਦਿਖਾਈ ਗਈ | ਪਿ੍ੰਸੀਪਲ ਡਾ. ਵਿਕਾਸ ਸੂਦ ਨੇ ਬੱਚਿਆਂ ਨੂੰ ਦੱਸਿਆ ਕਿ ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ | ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਮਾਤਾ ਪਿਤਾ ਅਤੇ ਚਾਰੇ ਸਾਹਿਬਜ਼ਾਦਿਆਂ ਨੂੰ ਸਿੱਖ ਧਰਮ ਤੋਂ ਕੁਰਬਾਨ ਕਰ ਕੇ ਸਿੱਖੀ ਦਾ ਬੀਜ ਬੀਜਿਆ | ਇਸ ਮੌਕੇ ਮੈਨੇਜਮੈਂਟ ਮੈਂਬਰ ਸੋਨੀਆ ਰਾਣੀ, ਮਧੂ ਰਾਣੀ, ਰਜਿੰਦਰ ਕੁਮਾਰ, ਹੈਪੀ ਕੁਮਾਰ, ਨਵੀਨ ਗੋਇਲ, ਪਿ੍ੰਸੀਪਲ ਡਾ. ਵਿਕਾਸ ਸੂਦ ਅਤੇ ਸਮੂਹ ਸਟਾਫ਼ ਮੌਜੂਦ ਸਨ |