ਫ਼ਿਰੋਜ਼ਸ਼ਾਹ, 5 ਸਤੰਬਰ (ਸਰਬਜੀਤ ਸਿੰਘ ਧਾਲੀਵਾਲ)- ਸਰਹੱਦੀ ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਕਈ ਪਿੰਡ ਹੜ੍ਹਾਂ ਦੀ ਮਾਰ ਹੇਠ ਆ ਗਏ ਹਨ | ਹੜ੍ਹ ਮਾਰੇ ਪਿੰਡਾਂ ਦੇ ਲੋਕ ਭਾਵੇਂ ਗੰਭੀਰ ਸੰਕਟ 'ਚੋਂ ਗੁਜ਼ਰ ਰਹੇ ਹਨ ਪਰ ਸਮਾਜ ਸੇਵੀ ਲੋਕਾਂ ਵਲੋਂ ਉਨ੍ਹਾਂ ਦੀ ਹਮਾਇਤ 'ਚ ਆ ਖੜ੍ਹਨ 'ਤੇ ਉਨ੍ਹਾਂ ਦੇ ਹੌਸਲੇ ਬੁਲੰਦ ਹਨ | ਇਸ ਸੰਕਟਮਈ ਸਥਿਤੀ 'ਚ ਆਪਣੇਪਣ ਦਾ ਅਹਿਸਾਸ ਕਰਾਉਂਦਿਆਂ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਰਜਨੀਸ਼ ਦਹੀਯਾ ਅਤੇ ਉਨ੍ਹਾਂ ਦੀ ਟੀਮ ਪ੍ਰਭਾਵਿਤ ਪਿੰਡਾਂ 'ਚ ਪਹੁੰਚ ਹਰ ਤਰ੍ਹਾਂ ਦੀ ਸਮਗਰੀ ਪਹੁੰਚਾ ਰਹੀ ਹੈ | ਆਪ ਦੇ ਜ਼ਿਲ੍ਹਾ ਯੂਥ ਪ੍ਰਧਾਨ ਸੁਖਦੀਪ ਸਿੰਘ ਸਰਪੰਚ ਪਿੰਡ ਉਗੋਕੇ ਆਪਣੀ ਟੀਮ ਸਮੇਤ ਹਰ ਪਿੰਡ ਪਹੁੰਚ ਕਰ ਰਹੇ ਹਨ ਅਤੇ ਘਰ-ਘਰ ਰਾਸ਼ਨ ਪਹੁੰਚਾ ਰਹੇ ਹਨ | ਗੱਲਬਾਤ ਕਰਦਿਆਂ ਸਰਪੰਚ ਸੁਖਦੀਪ ਸਿੰਘ ਨੇ ਕਿਹਾ ਕਿ ਉਹ ਪਾਰਟੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਵਿਧਾਇਕ ਰਜਨੀਸ਼ ਦਹੀਯਾ ਦੀ ਅਗਵਾਈ 'ਚ ਕਈ ਦਿਨਾਂ ਤੋਂ ਸੇਵਾ ਭਾਵਨਾ ਨਾਲ ਕੰਮ ਕਰ ਰਹੇ ਹਨ ਅਤੇ ਅੱਜ ਪਿੰਡ ਜੱਲੋ ਕੇ ਨਜ਼ਦੀਕ ਸੜਕ 'ਚ ਪਾੜ ਪੈਣ 'ਤੇ 10 ਟਰਾਲੇ ਲਾਲ ਰੋੜੀ ਦਾ ਮਲਬਾ ਆਦਿ ਲਿਆ ਟੁੱਟੇ ਰਸਤੇ ਨੂੰ ਚਾਲੂ ਕੀਤਾ ਹੈ | ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਹਰ ਵਿਅਕਤੀ ਸਿਆਸੀ ਸਰਗੋਸ਼ੀਆਂ ਦੀ ਥਾਂ ਲੋੜਵੰਦਾਂ ਦੀ ਮਦਦ ਲਈ ਹੰਭਲਾ ਮਾਰੇ | ਇਸ ਮੌਕੇ ਉਨ੍ਹਾਂ ਨਾਲ ਹਰਮਨ ਭੰਬਾ ਲੰਡਾ, ਸਰਬਾ ਸਰਪੰਚ ਬਸਤੀ ਧੱਲੇ ਕੇ, ਬਲਜਿੰਦਰ ਸਿੰਘ, ਰਜਿੰਦਰ ਸਿੰਘ ਸਰਪੰਚ ਵਲੂਰ, ਹਰਨੇਕ ਸਿੰਘ ਸਰਪੰਚ ਗਡੋਡੂ, ਕੁਲਵਿੰਦਰ ਸਿੰਘ ਬਜੀਦਪੁਰ ਸਮੇਤ ਵੱਡੀ ਗਿਣਤੀ 'ਚ ਯੂਥ ਵਰਕਰ ਹਾਜ਼ਰ ਸਨ |