ਗੋਲੂ ਕਾ ਮੋੜ, 5 ਸਤੰਬਰ (ਸੁਰਿੰਦਰ ਸਿੰਘ ਪੁਪਨੇਜਾ)- ਹਲਕਾ ਗੁਰੂਹਰਸਹਾਏ ਦੇ ਸਰਹੱਦੀ ਖੇਤਰ ਵਿਚੋਂ ਲੰਘਦੇ ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਵਧਣ ਨਾਲ ਪਾਣੀ ਖੇਤਾਂ ਨੂੰ ਆਉਣ ਲੱਗ ਪਿਆ ਹੈ ਜਿਸ ਨਾਲ ਪਿੰਡ ਚੱਕ ਛਾਂਗਾ ਰਾਏ ਹਿਠਾੜ ਦੇ ਰਕਬੇ 'ਚ ਕਿਸਾਨਾਂ ਦਾ ਲੱਗਿਆ ਝੋਨਾ ਡੁੱਬਣ 'ਤੇ ਦਹਿਸ਼ਤ ਦਾ ਮਾਹੌਲ ਹੈ ਅਤੇ ਕਿਸਾਨਾਂ ਦੀ ਚਿੰਤਾ ਵਧ ਗਈ ਹੈ | ਪਿੰਡ ਚੱਕ ਛਾਂਗਾ ਰਾਏ ਹਿਠਾੜ (ਛੀਬਿਆਂ ਵਾਲਾ) ਦੇ ਕਿਸਾਨਾਂ ਨੇ ਦੱਸਿਆ ਸਵੇਰ ਤੋਂ ਪਾਣੀ ਦਾ ਪੱਧਰ ਹੋਰ ਵਧਣ ਨਾਲ ਉੱਚੀਆਂ ਜ਼ਮੀਨਾਂ ਵਿਚ ਪਾਣੀ ਮਾਰ ਕਰਨ ਲੱਗ ਪਿਆ ਹੈ | ਇਸ ਦੌਰਾਨ ਕਿਸਾਨ ਸਵਰਨ ਪਾਲ ਸਿੰਘ ਤੇ ਗੁਰਮੀਤ ਸਿੰਘ ਪੁੱਤਰ ਅਮਰ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਨਾਲ ਕੰਡਿਆਲੀ ਤਾਰ ਤੋਂ ਪਾਰ ਦੀ ਜ਼ਮੀਨ ਵਿਚ ਲੱਗਿਆ ਝੋਨਾ ਪਿਛਲੇ ਕਈ ਦਿਨਾਂ ਤੋਂ ਡੁੱਬ ਚੁੱਕਿਆ ਹੈ | ਅੱਜ ਸਵੇਰ ਤੋਂ ਪਾਣੀ ਦਾ ਪੱਧਰ ਹੋਰ ਵਧਣ ਲੱਗ ਪਿਆ ਹੈ ਤੇ ਕਈ ਪਾਸੇ ਖੇਤਾਂ ਵਿਚ 5 ਤੋਂ 6 ਫੁੱਟ ਤੱਕ ਪਾਣੀ ਹੋ ਗਿਆ ਹੈ ਜਿਸ ਨਾਲ ਕਿਸਾਨਾਂ ਦਾ ਝੋਨਾ, ਪੱਠੇ ਤੇ ਸਬਜ਼ੀਆਂ ਵੀ ਡੁੱਬਣ ਲੱਗੀਆਂ ਹਨ | ਇਸ ਦਾ ਪਤਾ ਲੱਗਣ ਦੇ ਡੇਰਾ ਸ਼੍ਰੀ ਭਜਨਗੜ੍ਹ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਵਿਜੇ ਥਿੰਦ ਤੇ ਸਮੂਹ ਸੇਵਾਦਾਰ ਪਿੰਡ ਛੀਬਿਆਂ ਵਾਲੇ ਦੇ ਖੇਤਾਂ ਵਿਚ ਪਹੁੰਚੇ ਅਤੇ ਕਿਸਾਨਾਂ ਦੀ ਮਦਦ ਕਰਨ ਲੱਗੇ ਜਿਸ ਦੌਰਾਨ ਦੋਨਾਂ ਭਰਾਵਾਂ ਦੀ 6-6 ਕਨਾਲ਼ਾਂ ਲੱਗੀ ਗੋਭੀ ਦੇ ਚਾਰੇ ਪਾਸੇ ਮਿੱਟੀ ਦੇ ਬੰਨ੍ਹ ਬਣਾ ਕੇ ਗੋਭੀ ਦੀ ਫਸਲ ਨੂੰ ਬਚਾ ਲਿਆ |