ਜ਼ੀਰਾ,21 ਨਵੰਬਰ (ਰਜਨੀਸ਼ ਕਥੂਰੀਆ)-ਐੱਸ.ਐੱਸ.ਪੀ. ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਜ਼ਿਲੇ੍ਹ ਵਿਚੋਂ ਨਸ਼ੇ ਨੂੰ ਖ਼ਤਮ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ ਜਦੋਂਕਿ ਥਾਣਿਆਂ ਵਿਚ ਤਾਇਨਾਤ ਹੇਠਲੇ ਮੁਲਾਜ਼ਮ ਪੈਸੇ ਲੈ ਕੇ ਨਸ਼ੇੜੀਆਂ ਨੂੰ ਛੱਡ ਕੇ ਐੱਸ.ਐੱਸ.ਪੀ. ਵੱਲੋਂ ਚਲਾਈ ਗਈ ਨਸ਼ਾ ਵਿਰੋਧੀ ਮੁਹਿੰਮ ਨੂੰ ਹੀ ਖੁੰਡਾ ਕਰਨ 'ਤੇ ਤੁਲੇ ਹੋਏ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸਿਟੀ ਜ਼ੀਰਾ ਦੀ ਪੁਲਿਸ ਨੇ ਕੁਝ ਦਿਨ ਪਹਿਲਾਂ ਇਕ ਨਸ਼ੇੜੀ ਨੂੰ ਨਸ਼ਾ ਵੇਚਣ ਦੇ ਸ਼ੱਕ ਦੇ ਆਧਾਰ 'ਤੇ ਕਾਬੂ ਕੀਤਾ ਅਤੇ ਇਸ ਤੋਂ ਬਾਅਦ ਨਾ ਸਿਰਫ਼ ਉਸ ਤੇ ਤਸ਼ੱਦਦ ਢਾਇਆ ਬਲਕਿ ਥਾਣਾ ਸਿਟੀ ਜ਼ੀਰਾ ਦਾ ਇਕ ਦਰਜਾ ਚਾਰ ਅਤੇ ਇਕ ਹੋਰ ਮੁਲਾਜ਼ਮ ਨਸ਼ੇੜੀ ਨੂੰ ਛੱਡਣ ਲਈ ਉਸ ਦੇ ਭਰਾ ਦੀ ਦੁਕਾਨ 'ਤੇ ਜਾ ਕੇ ਡਰਾ ਧਮਕਾ ਕੇ ਉਸ ਪਾਸੋਂ ਥਾਣੇ ਦੇ ਮੁਨਸ਼ੀ ਦੇ ਨਾਮ 'ਤੇ 7000 ਰੁਪਏ ਵੀ ਲੈ ਆਏ | ਇਸ ਸਬੰਧ ਵਿਚ ਜਾਣਕਾਰੀ ਮਿਲਣ ਤੇ ਜਦੋਂ ਕੁਝ ਪੱਤਰਕਾਰਾਂ ਨੇ ਸਬੰਧਿਤ ਮੁਲਾਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਨਸ਼ੇੜੀ ਦੇ ਭਰਾ ਪਾਸੋਂ ਲਏ ਹੋਏ 7000 ਰੁਪਏ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਹ ਪੈਸੇ ਮੁਨਸ਼ੀ ਦੇ ਕਹਿਣ 'ਤੇ ਲਏ ਹਨ ਅਤੇ ਮੁਨਸ਼ੀ ਸ਼ਹਿਰ ਤੋਂ ਬਾਹਰ ਹੋਣ ਦਾ ਕਹਿੰਦਿਆਂ ਉਸ ਦੇ ਵਾਪਸ ਆਉਣ 'ਤੇ ਸ਼ਾਮ ਤੱਕ ਮਾਮਲਾ ਨਿਪਟਾਉਣ ਦੀ ਗੱਲ ਆਖੀ ਪ੍ਰੰਤੂ ਕੁਝ ਸਮੇਂ ਬਾਅਦ ਹੀ ਜਿਹੜਾ ਦਰਜਾ ਚਾਰ ਮੁਲਾਜ਼ਮ ਨਸ਼ੇੜੀ ਦੇ ਭਰਾ ਕੋਲੋਂ 7000 ਰੁਪਏ ਲੈ ਕੇ ਆਇਆ ਸੀ | ਉਸ ਦੀ ਦੁਕਾਨ 'ਤੇ ਜਾ ਕੇ ਦੁਕਾਨ ਮਾਲਕ ਵਲੋਂ ਮਨ੍ਹਾ ਕਰਨ ਦੇ ਬਾਵਜੂਦ ਕਾਊਾਟਰ 'ਤੇ 7000 ਸੁੱਟ ਕੇ ਵਾਪਸ ਆ ਗਿਆ | ਪਰ ਇਹ ਸਾਰੀ ਘਟਨਾ ਦੁਕਾਨ 'ਤੇ ਲੱਗੇ ਸੀ.ਸੀ.ਟੀ.ਵੀ.ਕੈਮਰੇ ਵਿਚ ਕੈਦ ਹੋ ਗਈ | ਇਸ ਸਬੰਧ ਵਿਚ ਹੋਰ ਜਾਣਕਾਰੀ ਦਿੰਦਿਆਂ ਪੀੜਤ ਯੋਗੇਸ਼ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਜ਼ੀਰਾ ਨੇ ਦੱਸਿਆ ਕਿ ਗ਼ਲਤ ਸੰਗਤ ਵਿਚ ਹੋਣ ਕਰਕੇ ਅਸੀਂ ਆਪਣੇ ਭਰਾ ਨੂੰ ਬੇਦਖ਼ਲ ਕੀਤਾ ਹੋਇਆ ਹੈ ਪਰ ਇਸ ਦੇ ਬਾਵਜੂਦ ਉਪਰੋਕਤ ਮੁਨਸ਼ੀ ਇਕ ਵਾਰ ਪਹਿਲਾਂ ਵੀ ਮੇਰੇ ਭਰਾ ਦੇ ਖ਼ਿਲਾਫ਼ ਮਿਲੀ ਇਕ ਸ਼ਿਕਾਇਤ ਦੇ ਨਾਮ 'ਤੇ ਮੇਰੇ ਪਾਸੋਂ ਡਰਾ ਧਮਕਾ ਕੇ 20 ਹਜਾਰ ਰੁਪਏ ਲੈ ਚੁੱਕਾ ਹੈ | ਇਸ ਸਬੰਧ ਵਿਚ ਜਦੋਂ ਥਾਣਾ ਸਿਟੀ ਜ਼ੀਰਾ ਦੇ ਮੁਨਸ਼ੀ ਨਾਲ ਫੋਨ 'ਤੇ ਸੰਪਰਕ ਕੀਤਾ ਗਿਆ ਤਾਂ ਉਸ ਨੇ ਪਹਿਲਾਂ ਤਾਂ 7000 ਲਏ ਹੋਣ ਤੋਂ ਇਨਕਾਰ ਕੀਤਾ ਪਰ ਜਦੋਂ ਉਸ ਨੂੰ ਪੈਸੇ ਲੈ ਕੇ ਆਏ ਮੁਲਾਜ਼ਮਾਂ ਵਲੋਂ ਪੈਸੇ ਲੈਣ ਸੰਬੰਧੀ ਕੀਤੀ ਗਈ ਪੁਸ਼ਟੀ ਅਤੇ ਪੈਸੇ ਵਾਪਸ ਦੇਣ ਸਮੇਂ ਮੁਲਾਜ਼ਮ ਦੀ ਫੁਟੇਜ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋਣ ਬਾਰੇ ਪੁੱਛਿਆ ਤਾਂ ਉਹ ਕੋਈ ਵੀ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕਿਆ | ਜਦੋਂ ਉਸ ਤੋਂ ਯੋਗੇਸ਼ ਕੁਮਾਰ ਪਾਸੋਂ 20 ਹਜ਼ਾਰ ਰੁਪਏ ਪਹਿਲਾਂ ਵੀ ਲਏ ਹੋਣ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਯੋਗੇਸ਼ ਦੇ ਭਰਾ ਦੇ ਖ਼ਿਲਾਫ਼ ਪਹਿਲਾਂ ਕੋਈ ਸ਼ਿਕਾਇਤ ਆਈ ਸੀ ਜਿਸ ਦਾ ਰਾਜ਼ੀਨਾਮਾ ਕਰਵਾਉਣ ਲਈ ਉਸ ਨੇ 20 ਹਜ਼ਾਰ ਰੁਪਏ ਲਏ ਸਨ | ਇਸ ਦੇ ਨਾਲ ਹੀ ਉਸ ਨੇ ਖ਼ਬਰ ਲਗਾਉਣ ਤੇ ਕੇਸ ਕਰਨ ਦੀ ਧਮਕੀ ਵੀ ਦੇ ਦਿੱਤੀ | ਇਸ ਸਬੰਧ ਵਿਚ ਜਦੋਂ ਡੀ.ਐੱਸ.ਪੀ.ਜ਼ੀਰਾ ਜਸਪਾਲ ਸਿੰਘ ਢਿੱਲੋਂ ਨਾਲ ਫੋਨ 'ਤੇ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋਈ ਫੁਟੇਜ ਭੇਜਣ ਲਈ ਕਿਹਾ ਤਾਂ ਜੋ ਉਸ ਦੀ ਪੜਤਾਲ ਕਰਕੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕੇ | ਜਦੋਂ ਮੁਨਸ਼ੀ ਵਲੋਂ ਖ਼ਬਰ ਛਾਪਣ ਤੇ ਇਸ ਪ੍ਰਤੀਨਿਧੀ ਨੂੰ ਕੇਸ ਕਰਨ ਦੀ ਧਮਕੀ ਦੇਣ ਦਾ ਮਾਮਲਾ ਉਨ੍ਹਾਂ ਦੇ ਨੋਟਿਸ ਵਿਚ ਲਿਆਂਦਾ ਤਾਂ ਉਹਨਾਂ ਨੇ ਕਿਹਾ ਕਿ ਉਹ ਇਸ ਸਬੰਧ ਵਿਚ ਵੀ ਹੁਣੇ ਬਣਦੀ ਕਾਰਵਾਈ ਕਰਦੇ ਹਨ | ਪੀੜਤ ਯੋਗੇਸ਼ ਕੁਮਾਰ ਨੇ ਐੱਸ.ਐੱਸ.ਪੀ.ਫਿਰੋਜ਼ਪੁਰ ਪਾਸੋਂ ਉਪਰੋਕਤ ਮਾਮਲੇ ਵਿਚ ਲਿਪਤ ਤਿੰਨੇ ਪੁਲਿਸ ਮੁਲਾਜ਼ਮਾਂ ਦੇ ਖ਼ਿਲਾਫ਼ ਸਖ਼ਤ ਵਿਭਾਗੀ ਕਾਰਵਾਈ ਕਰਨ ਦੀ ਮੰਗ ਕਰਦਿਆਂ ਇਨਸਾਫ਼ ਦੀ ਮੰਗ ਕੀਤੀ ਹੈ |