ਫ਼ਿਰੋਜ਼ਪੁਰ, 21 ਨਵੰਬਰ (ਗੁਰਿੰਦਰ ਸਿੰਘ)-ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਵਿਚ ਸਿਹਤ ਅਤੇ ਸਿੱਖਿਆ ਲਈ ਬੇਮਿਸਾਲ ਕੰਮ ਕੀਤੇ ਜਾ ਰਹੇ ਹਨ | ਆਉਂਦੇ ਸਮੇਂ ਵਿਚ ਫਿਰੋਜ਼ਪੁਰ ਦਿਹਾਤੀ ਹਲਕੇ ਦੇ ਪਿੰਡਾਂ ਵਿਚ ਸਿਹਤ ਸੁਵਿਧਾਵਾਂ ਹੋਰ ਮਜ਼ਬੂਤ ਹੋਣਗੀਆਂ | ਲੋਕਾਂ ਨੂੰ ਚੰਗੀ ਅਤੇ ਮਿਆਰੀ ਸਿਹਤ ਸੁਵਿਧਾਵਾਂ ਉਪਲਬਧ ਕਰਵਾਉਣ ਲਈ ਦਿਹਾਤੀ ਹਲਕੇ ਦੇ ਪਿੰਡਾਂ ਵਿਚ ਕਰੀਬ ਸੱਤ ਨਵੇਂ ਹੈਲਥ ਐਂਡ ਵੈਲਨੈਸ ਸੈਂਟਰ ਬਣਾਏ ਜਾਣਗੇ | ਹਲਕਾ ਵਿਧਾਇਕ ਐਡਵੋਕੇਟ ਰਜਨੀਸ਼ ਕੁਮਾਰ ਦਹੀਯਾ ਨੇ ਦੱਸਿਆ ਕਿ ਕਰੀਬ 2 ਕਰੋੜ 40 ਲੱਖ ਦੀ ਲਾਗਤ ਨਾਲ ਤਿਆਰ ਹੋਣ ਵਾਲੀਆਂ ਸੱਤ ਨਵੀਆਂ ਇਮਾਰਤਾਂ ਦੇ ਬਣਨ ਨਾਲ ਲੋਕਾਂ ਨੂੰ ਚੰਗੀ ਮਿਆਰੀ ਸਿਹਤ ਸੁਵਿਧਾਵਾਂ ਪ੍ਰਾਪਤ ਹੋਣਗੀਆਂ | ਵਿਧਾਇਕ ਦਹੀਯਾ ਨੇ ਦੱਸਿਆ ਕਿ ਫਿਰੋਜ਼ਪੁਰ ਦਿਹਾਤੀ ਹਲਕੇ ਵਿਚ ਆਮ ਆਦਮੀ ਕਲੀਨਿਕ ਪਹਿਲਾਂ ਹੀ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੇ ਹਨ ਅਤੇ ਲੱਖਾਂ ਲੋਕ ਆਮ ਆਦਮੀ ਕਲੀਨਿਕਾਂ ਰਾਹੀਂ ਸਿਹਤ ਸੁਵਿਧਾਵਾਂ ਪ੍ਰਾਪਤ ਕਰ ਚੁੱਕੇ ਹਨ | ਉਨ੍ਹਾਂ ਦੱਸਿਆ ਕਿ ਆਉਂਦੇ ਦਿਨਾਂ ਵਿਚ ਪਿੰਡ ਭੋਲੂਵਾਲਾ, ਮਿਸ਼ਰੀ ਵਾਲਾ, ਸ਼ਕੂਰ, ਸਾਂਦੇ ਹਾਸ਼ਮ, ਵਲੂਰ ਅਤੇ ਮਮਦੋਟ ਕਸਬਾ ਦੇ ਪਿੰਡ ਹਜ਼ਾਰਾ ਸਿੰਘ ਵਾਲਾ ਵਿਖੇ ਨਵੀਆਂ ਇਮਾਰਤਾਂ ਦੀ ਉਸਾਰੀ ਕੀਤੀ ਜਾਵੇਗੀ | ਵਿਧਾਇਕ ਰਜਨੀਸ਼ ਦਹੀਯਾ ਨੇ ਦੱਸਿਆ ਕਿ ਇਸ ਸਮੇਂ ਪਿੰਡ ਸੁਰ ਸਿੰਘ ਵਾਲਾ ਅਤੇ ਲੋਹਗੜ੍ਹ ਵਿਖੇ ਨਵੀਆਂ ਇਮਾਰਤਾਂ ਉਸਾਰੀ ਅਧੀਨ ਹਨ, ਬਜੀਦਪੁਰ ਵਿਖੇ ਹੈਲਥ ਐਂਡ ਵੈਲਨੈਸ ਸੈਂਟਰ ਇਮਾਰਤ ਬਣ ਕੇ ਤਿਆਰ ਹੋ ਚੁੱਕੀ ਹੈ | ਜਿਸ ਦਾ ਆਉਣ ਵਾਲੇ ਦਿਨਾਂ ਦੇ ਵਿਚ ਉਦਘਾਟਨ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਕਰੀਬ 73 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਣ ਵਾਲੀਆਂ ਬਾਕੀ ਹੈਲਥ ਐਂਡ ਵੈਲਨੈਸ ਇਮਾਰਤਾਂ ਦੇ ਉਦਘਾਟਨ ਦਸੰਬਰ ਮਹੀਨੇ ਵਿਚ ਕੀਤੇ ਜਾਣਗੇ | ਫਿਰੋਜ਼ਪੁਰ ਦਿਹਾਤੀ ਹਲਕੇ ਵਿਚ ਸਿਹਤ ਸੁਵਿਧਾਵਾਂ ਨੂੰ ਲੈ ਕੇ ਜੰਗੀ ਪੱਧਰ ਤੇ ਵਿਕਾਸ ਕਾਰਜ ਜਾਰੀ ਹਨ ਆਉਣ ਵਾਲੇ ਸਮੇਂ ਵਿਚ ਹੋਰਨਾਂ ਪਿੰਡਾਂ ਵਿਚ ਵੀ ਨਵੇਂ ਹੈਲਥ ਐਂਡ ਵੈਲਨੈਸ ਸੈਂਟਰਾਂ ਲਈ ਪ੍ਰਪੋਜਲ ਵਿਭਾਗ ਕੋਲ ਭੇਜੀ ਗਈ ਹੈ, ਪ੍ਰਪੋਜਲਾਂ ਮਨਜ਼ੂਰ ਹੋਣ ਉਪਰੰਤ ਨਵੇਂ ਹੈਲਥ ਐਂਡ ਵੈਲਨੈਸ ਸੈਂਟਰ ਬਣਾਏ ਜਾਣਗੇ |