ਫਿਰੋਜ਼ਪੁਰ, 21 ਨਵੰਬਰ (ਗੁਰਿੰਦਰ ਸਿੰਘ)-ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟਰੇਸ਼ਨ (ਮਗਸੀਪਾ) ਚੰਡੀਗੜ੍ਹ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਦੇ ਸਹਿਯੋਗ ਨਾਲ ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਚ ਚੱਲ ਰਹੀ ਯੁਵਾ ਆਪਦਾ ਮਿੱਤਰਾ ਟਰੇਨਿੰਗ ਦੇ ਪੰਜਵੇਂ ਦਿਨ ਐੱਨ.ਐੱਸ.ਐੱਸ ਵਲੰਟੀਅਰਾਂ ਨੂੰ ਫਰੈਕਚਰ, ਸੱਟਾਂ ਦੀ ਪਹਿਚਾਣ ਤੇ ਦੇਖਭਾਲ, ਸਟਰੈਚਰ ਨੂੰ ਚੁੱਕਣਾ, ਐਮਰਜੈਂਸੀ ਵਿਚ ਉਪਲਬਧ ਸਮਗਰੀ ਨਾਲ ਸਟਰੈਚਰ ਤਿਆਰ ਕਰਨਾ, ਹੱਡੀਆਂ ਟੁੱਟਣ 'ਤੇ ਸਹੀ ਤਰੀਕੇ ਨਾਲ ਸਹਾਰਾ ਦੇਣਾ, ਹੜ੍ਹਾਂ ਦੌਰਾਨ ਹਾਲਾਤਾਂ ਨਾਲ ਨਜਿੱਠਣ ਦੀ ਟਰੇਨਿੰਗ, ਖੂਨ ਵਹਿਣ ਤੋਂ ਰੋਕਣ ਦੇ ਤਰੀਕੇ, ਜ਼ਖ਼ਮਾਂ ਦੀ ਦੇਖਭਾਲ ਅਤੇ ਡਰੈੱਸਿੰਗ ਤਕਨੀਕ ਆਦਿ ਮਹੱਤਵਪੂਰਨ ਵਿਸ਼ਿਆਂ ਬਾਰੇ ਪ੍ਰੈਕਟੀਕਲ ਸਿਖਲਾਈ ਦਿੱਤੀ ਗਈ | ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਦੀਆਂ ਹਦਾਇਤਾਂ ਅਤੇ ਮਗਸੀਪਾ ਦੇ ਜਨਰਲ ਮੈਨੇਜਰ (ਡਿਜ਼ਾਸਟਰ ਮੈਨੇਜਮੈਂਟ) ਕਰਨਲ ਦਲਬੀਰ ਸਿੰਘ ਦੇ ਮਾਰਗਦਰਸ਼ਨ ਹੇਠ ਚੱਲ ਰਹੀ, ਇਸ ਟਰੇਨਿੰਗ ਵਿਚ ਲਗਭਗ 150 ਐੱਨ.ਐੱਸ.ਐੱਸ ਵਲੰਟੀਅਰ ਭਾਗ ਲੈ ਰਹੇ ਹਨ | ਇਸ ਟਰੇਨਿੰਗ ਦਾ ਮੁੱਖ ਮਕਸਦ ਵਲੰਟੀਅਰਾਂ ਵਿਚ ਐਮਰਜੈਂਸੀ ਸਥਿਤੀਆਂ ਨਾਲ ਮੁਕਾਬਲੇ ਦੀ ਯੋਗਤਾ ਵਿਕਸਤ ਕਰਨ ਲਈ ਬਹੁਤ ਮਹੱਤਵਪੂਰਨ ਸਾਬਤ ਹੋਈਆਂ | ਟਰੇਨਿੰਗ ਨੂੰ ਸਫਲ ਬਣਾਉਣ ਵਿਚ ਅਮਰਿੰਦਰ ਸਿੰਘ, ਜਸਵੀਰ ਸਿੰਘ ਕੈਪਟਨ (ਰਿਟਾਇਰਡ), ਅਮਨ ਮਨਕੋਟੀਆ, ਸੁਮਿਤ ਸਿੰਘ, ਮਹਿਕਪ੍ਰੀਤ ਸਿੰਘ, ਜਸਵੀਰ ਸਿੰਘ ਪਿੱਪਲੀ, ਜੌਨਸਨ, ਨਰਿੰਦਰ ਸਿੰਘ ਅਤੇ ਰਮਨਦੀਪ ਸਿੰਘ ਨਾਮਕ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟਰੇਸ਼ਨ ਚੰਡੀਗੜ੍ਹ ਦੇ ਅਨੁਭਵੀ ਟਰੇਨਰਾਂ ਦਾ ਖਾਸ ਯੋਗਦਾਨ ਹੈ | ਇਹ ਟਰੇਨਿੰਗ ਨੌਜਵਾਨਾਂ ਨੂੰ ਆਫ਼ਤ ਪ੍ਰਬੰਧਨ, ਰਾਹਤ ਕਾਰਜ ਅਤੇ ਮਨੁੱਖੀ ਜੀਵਨ ਬਚਾਉਣ ਦੀਆਂ ਅਹਿਮ ਤਕਨੀਕਾਂ ਵਿਚ ਨਿਪੁੰਨ ਬਣਾ ਰਹੀ ਹੈ |