ਫ਼ਿਰੋਜ਼ਪੁਰ, 21 ਨਵੰਬਰ (ਗੁਰਿੰਦਰ ਸਿੰਘ)-ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟਰੇਸ਼ਨ (ਮਗਸੀਪਾ) ਚੰਡੀਗੜ੍ਹ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਵਿਚ ਯੁਵਾ ਆਪਦਾ ਮਿੱਤਰਾ ਸਿਖਲਾਈ ਕੈਂਪ ਵਿਚ ਮੁੱਖ ਤੌਰ 'ਤੇ ਰੱਸੇ ਨਾਲ ਸਬੰਧਿਤ ਬਚਾਅ ਤਕਨੀਕਾਂ (ਰੌਪ ਰੈਸਕਿਊ), ਲਾਈਟਨਿੰਗ ਅਤੇ ਕੈਮੀਕਲ, ਬਾਈਓਲੋਜੀਕਲ, ਰੇਡੀਓਲੋਜੀਕਲ ਅਤੇ ਨਿਊਕਲੀਅਰ (ਸੀ.ਬੀ.ਆਰ.ਐਨ) ਬਾਰੇ ਸਿਧਾਂਤਕ ਅਤੇ ਪ੍ਰੈਕਟੀਕਲ ਸੈਸ਼ਨ ਆਯੋਜਿਤ ਕੀਤੇ ਗਏ | ਟਰੇਨਿੰਗ ਦੌਰਾਨ ਵਿਦਿਆਰਥੀਆਂ ਨੂੰ ਐਮਰਜੈਂਸੀ ਬਚਾਅ ਤਕਨੀਕਾਂ ਦੇ ਪ੍ਰੈਕਟੀਕਲ ਵੀ ਕਰਵਾਏ ਗਏ | ਅੱਜ ਦੇ ਸੈਸ਼ਨ ਵਿਚ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟਰੇਸ਼ਨ ਦੇ ਜਨਰਲ ਮੈਨੇਜਰ ਆਫ਼ ਡਿਜ਼ਾਸਟਰ ਮੈਨੇਜਮੈਂਟ ਕਰਨਲ ਦਲਬੀਰ ਸਿੰਘ ਨੇ ਖ਼ਾਸ ਤੌਰ 'ਤੇ ਹਾਜ਼ਰੀ ਭਰੀ ਅਤੇ ਸਿਖਲਾਈ ਦੌਰਾਨ ਵਿਦਿਆਰਥੀਆਂ ਨਾਲ ਸਿੱਧੀ ਗੱਲਬਾਤ ਕਰਦੇ ਹੋਏ ਮਹੱਤਵਪੂਰਨ ਦਿਸ਼ਾ-ਨਿਰਦੇਸ਼ ਸਾਂਝੇ ਕੀਤੇ | ਸਿਖਲਾਈ ਕੈਂਪ ਦੌਰਾਨ ਲਗਭਗ 150 ਐਨ.ਐੱਸ.ਐੱਸ. ਵਲੰਟੀਅਰਾਂ ਨੇ ਉਤਸ਼ਾਹ ਅਤੇ ਸਮਰਪਣ ਨਾਲ ਹਿੱਸਾ ਲਿਆ ਜਿਨ੍ਹਾਂ ਨੂੰ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟਰੇਸ਼ਨ ਚੰਡੀਗੜ੍ਹ ਦੀ ਟਰੇਨਿੰਗ ਟੀਮ ਵਿਚ ਅਮਰਿੰਦਰ ਸਿੰਘ, ਜਸਵੀਰ ਸਿੰਘ ਕੈਪਟਨ (ਰਿਟਾਇਰਡ), ਅਮਨ ਮਨਕੋਟੀਆ, ਸੁਮੀਤ ਸਿੰਘ, ਮਹਿਕਪ੍ਰੀਤ ਸਿੰਘ, ਜਸਵੀਰ ਸਿੰਘ ਪਿਪਲੀ, ਜੌਨਸਨ, ਨਰਿੰਦਰ ਸਿੰਘ ਅਤੇ ਰਮਨਦੀਪ ਸਿੰਘ ਨੇ ਆਪਦਾ ਪ੍ਰਬੰਧਨ ਅਤੇ ਰੈਸਕਿਊ ਕਾਰਜਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਕਰਨਲ ਦਲਬੀਰ ਸਿੰਘ ਨੇ ਦੱਸਿਆ ਕਿ ਇਹ ਸਿਖਲਾਈ ਕੈਂਪ ਦਾ ਮੁੱਖ ਉਦੇਸ਼ ਜ਼ਿਲੇ੍ਹ ਵਿਚ ਆਪਦਾ ਸਬੰਧਿਤ ਤਿਆਰੀਆਂ ਨੂੰ ਮਜ਼ਬੂਤ ਕਰਨਾ ਹੈ |