ਜਲਾਲਾਬਾਦ, 28 ਦਸੰਬਰ (ਹਰਪ੍ਰੀਤ ਸਿੰਘ ਪਰੂਥੀ)-ਥਾਣਾ ਸਦਰ ਜਲਾਲਾਬਾਦ ਦੀ ਪੁਲਿਸ ਨੇ ਇਕ ਪਿਸਟਲ ਅਤੇ 5 ਜਿੰਦਾ ਕਾਰਤੂਸਾਂ ਸਣੇ 3 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂ. ਅਧਿਕਾਰੀ ਸਹਾਇਕ ਥਾਣੇਦਾਰ ਰਾਧੇ ਸ਼ਾਮ ਨੇ ਦੱਸਿਆ ਕਿ ਉਹ ਸਮੇਤ ਸਾਥੀ ਕਰਮਚਾਰੀਆਂ ਦੇ ਨਾਲ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਕਰਨ ਦੇ ਸਬੰਧ ਵਿਚ ਥਾਣਾ ਸਦਰ ਇਲਾਕੇ ਵਿਚ ਮੌਜੂਦ ਸੀ ਅਤੇ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਪਿੰਡ ਫੱਤੂਵਾਲਾ ਦਰਗਾਹ ਦੇ ਕੋਲ ਪੁੱਜੇ ਤਾਂ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਛਿੰਦਰ ਸਿੰਘ ਪੁੱਤਰ ਬੱਗੂ ਸਿੰਘ, ਜਗਦੀਸ਼ ਸਿੰਘ ਪੁੱਤਰ ਦੇਸਾ ਸਿੰਘ ਅਤੇ ਸੰਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀਆਨ ਢੰਡੀ ਕਦੀਮ ਦੇ ਕੋਲ ਨਾਜਾਇਜ਼ ਅਸਲਾ ਹੈ ਅਤੇ ਹੁਣ ਇਸ ਸਮੇਂ ਤਿੰਨੋ ਜਣੇ ਨਾਜਾਇਜ਼ ਅਸਲਾ ਵੇਚਣ ਲਈ ਗਾਹਕ ਦੀ ਉਡੀਕ ਪੁਲ ਨਹਿਰ ਗੁਰਦੁਆਰਾ ਜੋਧਾ ਭੈਣੀ ਤੋਂ ਅੱਗੇ 2 ਕਿੱਲੋ ਮੀਟਰ ਲਿੰਕ ਰੋਡ 'ਤੇ ਖੜੇ ਹਨ | ਜਿਸ ਤੇ ਪੁਲਿਸ ਪਾਰਟੀ ਨੇ ਛਾਪੇਮਾਰੀ ਕਰਕੇ ਇਕ ਕਾਲੇ ਰੰਗ ਦਾ ਨਾਜਾਇਜ਼ ਪਿਸਟਲ ਅਤੇ 5 ਜਿੰਦਾ ਕਾਰਤੂਸ ਸਣੇ ਛਿੰਦਰ ਸਿੰਘ,ਜਗਦੀਸ਼ ਸਿੰਘ ਅਤੇ ਸੰਦੀਪ ਸਿੰਘ ਨੂੰ ਕਾਬੂ ਕਰ ਲਿਆ | ਥਾਣਾ ਸਦਰ ਜਲਾਲਾਬਾਦ ਵਿਖੇ ਮੁਕੱਦਮਾ ਨੰਬਰ 206 ਨੂੰ ਧਾਰਾ 25-54-59 ਆਰਮਜ਼ ਐਕਟ ਤਹਿਤ ਦਰਜ ਕੀਤਾ ਗਿਆ ਹੈ |