ਬਠਿੰਡਾ, 18 ਸਤੰਬਰ (ਪ੍ਰੀਤਪਾਲ ਸਿੰਘ ਰੋਮਾਣਾ)-ਬਠਿੰਡਾ ਦੇ ਬੇਅੰਤ ਨਗਰ 'ਚ ਬਾਬਾ ਬਣ ਕੇ ਆਇਆ ਇਕ ਵਿਅਕਤੀ 40-45 ਔਰਤਾਂ ਨੂੰ ਵਰਗ਼ਲਾ ਕੇ ਉਨ੍ਹਾਂ ਦੇ ਲੱਖਾਂ ਰੁਪਏ ਦੇ ਸੋਨਾ ਚਾਂਦੀ ਦੇ ਗਹਿਣੇ ਲੈ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਉਕਤ ਵਿਅਕਤੀ ਵਲੋਂ ਔਰਤਾਂ ਨੂੰ ਗਹਿਣੇ ਦਾ ਸ਼ੁੱਧੀ ਕਰਨ ਦਾ ਝਾਂਸਾ ਦਿੱਤਾ ਗਿਆ ਸੀ | ਇਸ ਮਾਮਲੇ ਦੀ ਸ਼ਿਕਾਇਤ ਔਰਤਾਂ ਵਲੋਂ ਪੁਲਿਸ ਨੂੰ ਦਿੱਤੀ ਗਈ | ਥਾਣਾ ਸਿਵਲ ਲਾਇਨ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਕਰਨ ਤੋਂ ਬਾਦ ਇਕ ਵਿਅਕਤੀ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ | ਥਾਣਾ ਸਿਵਲ ਲਾਇਨ ਦੀ ਪੁਲਿਸ ਨੂੰ ਬਿਆਨ ਦਰਜ ਕਰਵਾਉਂਦੇ ਹੋਏ ਪੂਨਮ ਦੇਵੀ ਵਾਸੀ ਬੇਅੰਤ ਸਿੰਘ ਨਗਰ ਨੇ ਕਿਹਾ ਕਿ ਉਨ੍ਹਾਂ ਦੇ ਮੁਹੱਲੇ ਵਿਚ ਇਕ ਵਿਅਕਤੀ ਆਇਆ ਜੋ ਕਿ ਆਪਣੇ ਆਪ ਨੂੰ ਬਾਬਾ ਦੱਸਦਾ ਸੀ | ਉਸ ਨੇ ਔਰਤਾਂ ਨੂੰ ਆਪਣੇ ਝਾਂਸੇ ਵਿਚ ਲੈ ਲਿਆ ਤੇ ਕਹਿਣ ਲੱਗਾ ਕਿ ਉਸ ਵਿਚ ਮਾਤਾ ਆਉਂਦੀ ਹੈ, ਜੋ ਵੀ ਸੋਨਾ, ਚਾਂਦੀ, ਕੱਪੜੇ ਜਾਂ ਕੋਈ ਕੀਮਤੀ ਸਮਾਨ ਉਨ੍ਹਾਂ ਕੋਲ ਪਿਆ ਹੈ, ਉਸ ਨੂੰ ਦੇ ਦੋਵੇਂ ਉਹ ਤੁਹਾਡੇ ਵਿਗੜੇ ਕਾਰਜਾਂ ਨੂੰ ਸੁੱਧ ਕਰ ਦੇਵੇਗਾ | ਜਿਸ ਨਾਲ ਘਰ ਵਿਚ ਬਰਕਤ ਆਉਣੀ ਸ਼ੁਰੂ ਹੋ ਜਾਵੇਗੀ | ਜਿਸ ਤੋ ਬਾਦ ਸ਼ਿਕਾਇਤ ਕਰਤਾ ਪੂਨਮ ਦੇਵੀ ਤੋਂ 3 ਤੌਲੇ ਵਜ਼ਨ ਦੀਆਂ ਦੋ ਸੋਨੇ ਦੀਆਂ ਚੇਨਾਂ, ਤਿੰਨ ਮੰਗਲ-ਸੂਤਰ ਸੋਨਾ ਵਜ਼ਨੀ ਕਰੀਬ 3 ਤੋਲੇ ਅਤੇ ਇਕ ਅੰਗੂਠੀ ਸ਼ਾਪ ਸੋਨਾ ਵਜ਼ਨੀ ਕਰੀਬ ਅੱਧਾ ਤੋਲਾ, ਇਕ ਮੱਥੇ ਦਾ ਟਿੱਕਾ ਤੇ ਨੱਕ ਦੀ ਨੱਥ ਸੋਨਾ ਵਜ਼ਨੀ ਅੱਧਾ ਤੋਲਾ, ਇਕ ਪਾਇਲ ਚਾਂਦੀ ਵਜ਼ਨੀ ਕਰੀਬ 18 ਤੋਲਾ ਅਤੇ 5 ਹਜਾਰ ਰੁਪਏ ਨਕਦੀ ਤੋਂ ਇਲਾਵਾ ਮੁਹੱਲੇ ਦੇ ਵਸਨੀਕ ਰਾਜੂ ਵਾਸੀ ਬੇਅੰਤ ਸਿੰਘ ਨਗਰ ਦਾ ਵੀ ਸੋਨਾ ਚਾਂਦੀ ਦੇ ਗਹਿਣੇ ਵੀ ਲੈ ਕੇ ਫਰਾਰ ਹੋ ਗਿਆ ਹੈ | ਜਿਸ ਦਾ ਅਜੇ ਤੱਕ ਕੋਈ ਵੀ ਪਤਾ ਨਹੀ ਲੱਗ ਸਕਿਆ | ਪੁਲਿਸ ਨੇ ਪੂਨਮ ਦੇਵੀ ਵਾਸੀ ਬੇਅੰਤ ਸਿੰਘ ਨਗਰ ਬਠਿੰਡਾ ਦੇ ਬਿਆਨਾਂ 'ਤੇ ਸੋਨੂੰ ਖ਼ਿਲਾਫ਼ ਮੁਕੱਦਮਾ ਦਰਜ ਕਰਦੇ ਹੋਏ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ |