ਰਾਮਾ ਮੰਡੀ, 31 ਅਕਤੂਬਰ (ਗੁਰਪ੍ਰੀਤ ਸਿੰਘ ਅਰੋੜਾ)-ਗੁਰੂ ਗੋਬਿੰਦ ਸਿੰਘ ਰਿਫ਼ਾਇਨਰੀ ਦੇ ਆਲੇ-ਦੁਆਲੇ ਦੇ ਲਗਭਗ 29 ਸਰਹੱਦੀ ਪਿੰਡਾਂ 'ਚ ਖੋਲ੍ਹੇ ਗਏ ਆਧੁਨਿਕ ਜਿਮ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਕੇ ਤੰਦਰੁਸਤੀ ਵੱਲ ਮੋੜ ਰਹੇ ਹਨ | ਇਸ ਵੇਲੇ ਲਗਭਗ 500 ਤੋਂ ਵੱਧ ਨੌਜਵਾਨ ਇਨ੍ਹਾਂ ਜਿਮਾਂ 'ਚ ਰੋਜ਼ਾਨਾ ਕਸਰਤ ਕਰਦੇ ਹੋਏ ਸਿਹਤਮੰਦ ਜੀਵਨਸ਼ੈਲੀ ਨੂੰ ਅਪਣਾ ਰਹੇ ਹਨ | ਇਹ ਯਤਨ ਐਚ ਐਮ ਈ ਐਲ ਦੀ ਪਹਿਲ ਅਤੇ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਤੇ ਨੌਜਵਾਨਾਂ ਦੇ ਸਹਿਯੋਗ ਨਾਲ ਸੰਭਵ ਹੋਇਆ ਹੈ | ਹੁਣ ਕਈ ਨੌਜਵਾਨ ਜੋ ਪੁਲਿਸ ਜਾਂ ਫੌਜ ਵਿਚ ਭਰਤੀ ਦੀ ਤਿਆਰੀ ਕਰ ਰਹੇ ਹਨ, ਉਹ ਵੀ ਇਨ੍ਹਾਂ ਜਿਮਾਂ ਤੋਂ ਵੱਡਾ ਲਾਭ ਲੈ ਰਹੇ ਹਨ | ਕਈ ਪਿੰਡ ਕਮਿਊਨਟੀ ਕੰਟਰੀਬਿਊਸ਼ਨ ਦੀ ਮਿਸਾਲ ਬਣੇ ਹਨ, ਜਿੱਥੇ ਨੌਜਵਾਨਾਂ ਨੇ ਆਪਣੀ ਨਿੱਜੀ ਬਚਤ ਨਾਲ ਕਮਰੇ ਬਣਵਾ ਕੇ ਐਚ ਐਮ ਈ ਐਲ ਵਲੋਂ ਦਿੱਤੇ ਜਿਮ ਸਾਮਾਨ ਨਾਲ ਇਨ੍ਹਾਂ ਨੂੰ ਤਿਆਰ ਕੀਤਾ | ਪਿੰਡ ਬੰਗੀ ਰੂਘੂ ਇਸਦਾ ਪ੍ਰਮੁੱਖ ਉਦਾਹਰਣ ਹੈ | ਇੱਥੇ ਦੇ ਨੌਜਵਾਨਾਂ ਨੇ ਆਪਣੀ ਜੇਬ 'ਚੋਂ ਲਗਭਗ 4 ਲੱਖ ਰੁਪਏ ਇਕੱਠੇ ਕਰਕੇ 46 ਦਿਨਾਂ ਦੀ ਮਿਹਨਤ ਨਾਲ ਜਿਮ ਲਈ ਕਮਰਾ ਤਿਆਰ ਕੀਤਾ | ਐਚ ਐਮ ਈ ਐਲ ਵਲੋਂ ਬਾਅਦ ਵਿਚ ਆਧੁਨਿਕ ਜਿਮ ਦਾ ਸਾਮਾਨ ਮੁਹੱਈਆ ਕਰਵਾਇਆ ਗਿਆ | ਪਿੰਡ ਮਲਕਾਣਾ ਦੇ ਕਈ ਸੇਵਾਮੁਕਤ ਸੈਨਿਕ ਨੌਜਵਾਨ ਵੀ ਇਸ ਯਤਨ ਨਾਲ ਜੁੜ ਗਏ ਹਨ ਤੇ ਹੋਰ ਨੌਜਵਾਨਾਂ ਨੂੰ ਪ੍ਰੇਰਿਤ ਕਰ ਰਹੇ ਹਨ | ਹਰਿਆਣਾ ਸਰਹੱਦ ਨਾਲ ਲੱਗਦੇ ਪਿੰਡ ਤਿਗੜੀ ਦੀ ਪੰਚਾਇਤ ਨੇ ਜਿਮ ਲਈ ਪੰਚਾਇਤ ਭਵਨ 'ਚ ਜਗ੍ਹਾ ਦਿੱਤੀ ਹੈ | ਪਿੰਡ ਦੇ ਸਰਪੰਚ ਪੁਸ਼ਪਿੰਦਰ ਸਿੰਘ ਨੇ ਦੱਸਿਆ ਕਿ ਜਿਮ ਖੁੱਲ੍ਹਣ ਤੋਂ ਬਾਅਦ ਨੌਜਵਾਨਾਂ 'ਚ ਇਕ ਨਵਾਂ ਜੋਸ਼ ਤੇ ਸਕਾਰਾਤਮਕ ਬਦਲਾਅ ਆਇਆ ਹੈ | ਐਚ ਐਮ ਈ ਐਲ ਵਲੋਂ ਸ਼ੁਰੂ ਕੀਤੀ ਗਈ ਇਸ ਪਹਿਲ ਅਧੀਨ ਹੁਣ ਤੱਕ ਤਿਗੜੀ, ਹੱਸੂ, ਮਲਕਾਣਾ, ਤਰਖਾਣਵਾਲਾ, ਰਾਮਸਰਾ, ਦੇਸੂ ਮਲਕਾਣਾ, ਚੱਠਾ, ਖੋਖਰ, ਅਸੀਰ, ਨੌਰੰਗ, ਪੱਕਾ ਖੁਰਦ, ਲਹਿਰੀ, ਨਥੇਹਾ, ਬੰਗੀ ਨਿਹਾਲ ਸਿੰਘ, ਬਹਿਮਣ ਜੱਸਾ ਸਿੰਘ, ਚੱਕ ਰੂਲਦੂ ਸਿੰਘ, ਸੁਖਲੱਧੀ, ਕਲਾਲਵਾਲਾ, ਬੰਗੀ ਰੂਘੂ, ਬੰਗੀ ਦੀਪਾ ਅਤੇ ਬੰਗੀ ਕਲਾਂ ਸਮੇਤ ਲਗਭਗ 29 ਪਿੰਡਾਂ 'ਚ ਜਿਮ ਖੋਲ੍ਹੇ ਜਾ ਚੁੱਕੇ ਹਨ |