ਬਠਿੰਡਾ, 6 ਦਸੰਬਰ (ਅੰਮਿ੍ਤਪਾਲ ਸਿੰਘ ਵਲਾਣ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਨੇ ਪੁਲਿਸ ਤੇ ਸਿਵਲ ਪ੍ਰਸ਼ਾਸਨ ਨੂੰ ਵਰਤ ਕੇ ਸੂਬੇ ਵਿਚ ਬਲਾਕ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਚੋਣਾਂ ਦੀਆਂ ਨਾਮਜਦਗੀਆਂ ਵੇਲੇ ਵਿਰੋਧੀ ਧਿਰਾਂ ਨਾਲ ਧੱਕੇਸ਼ਾਹੀ ਕਰਕੇ ਲੋਕਤੰਤਰ ਦੀ ਪਿੱਠ 'ਚ ਛੁਰਾ ਮਾਰਿਆ ਹੈ ਅਤੇ ਵਿਰੋਧੀ ਧਿਰਾਂ ਖ਼ਾਸਕਰ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਰੋਕਿਆ ਗਿਆ | ਇੱਥੇ ਹੀ ਨਹੀਂ ਇਸ ਤੋਂ ਬਾਅਦ ਕਈ ਜ਼ਿਲਿਆਂ ਵਿਚ ਅਕਾਲੀ ਦਲ ਸਮੇਤ ਸਾਰੀਆਂ ਵਿਰੋਧੀ ਧਿਰਾਂ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰਕੇ 'ਆਪ' ਉਮੀਦਵਾਰਾਂ ਨੂੰ ਬਿਨਾਂ ਮੁਕਾਬਲੇ ਜੇਤੂ ਬਣਾਇਆ ਗਿਆ | ਉਨ੍ਹਾਂ ਕਿਹਾ ਕਿ ਪਟਿਆਲਾ ਦੇ ਐਸ.ਐਸ.ਪੀ. ਵਰੁਣ ਸ਼ਰਮਾ ਦੀ ਵੀਡੀਓ ਕਾਨਫ਼ਰੰਸ ਕਾਲ ਤੋਂ ਸਪੱਸ਼ਟ ਹੈ ਕਿ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਰੋਕਣ ਵਾਸਤੇ ਰਿਟਰਨਿੰਗ ਅਫ਼ਸਰਾਂ ਦੇ ਦਫ਼ਤਰ ਪਹੁੰਚਣ ਤੋਂ ਰੋਕਿਆ ਗਿਆ ਤੇ ਇਹੀ ਤਰੀਕਾ ਹੋਰ ਐਸ.ਐਸ.ਪੀਜ਼ ਨੇ ਵਰਤਿਆ ਹੈ | ਇਸੇ ਤਰੀਕੇ ਡਿਪਟੀ ਕਮਿਸ਼ਨਰਾਂ ਨੂੰ ਗੈਰ-ਕਾਨੂੰਨੀ ਹਦਾਇਤਾਂ ਦਿੱਤੀਆਂ ਗਈਆਂ ਕਿ ਉਹ ਵਿਰੋਧੀ ਧਿਰ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰ ਦੇਣ¢ ਸੁਖਬੀਰ ਨੇ ਕਿਹਾ ਕਿ ਤਰਨਤਾਰਨ ਵਿਚ 20 ਜ਼ਿਲਾ ਪ੍ਰੀਸ਼ਦ ਸੀਟਾਂ 'ਚੋਂ 9 ਸੀਟਾਂ 'ਤੇ 'ਆਪ' ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਐਲਾਨੇ ਗਏ ਹਨ, ਤਰਨਤਾਰਨ ਬਲਾਕ ਸੰਮਤੀ ਵਿਚ 17 'ਚੋਂ 12 ਵਿਚ, ਗੰਡੀਵਿੰਢ ਵਿਚ 15 'ਚੋਂ 15, ਪੱਟੀ ਵਿਚ 16 'ਚੋਂ 14, ਭਿੱਖੀਵਿੰਡ ਵਿਚ 23 'ਚੋਂ 23 ਅਤੇ ਵਲਟੋਹਾ ਵਿਚ 18 'ਚੋਂ 16 ਸੀਟਾਂ 'ਤੇ ਆਪ ਜੇਤੂ ਐਲਾਨੀ ਗਈ ਹੈ¢ ਗੁਰਦਾਸਪੁਰ ਵਿਚ ਵੀ ਇਹੋ ਹਾਲਾਤ ਹਨ | ਸੂਬੇ ਵਿਚ ਹਾਲਾਤ ਬਹੁਤ ਗੰਭੀਰ ਹਨ ਤੇ ਆਪ ਸਰਕਾਰ ਇਹ ਚੋਣਾਂ ਜਿੱਤਣ ਵਾਸਤੇ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ¢ ਉਨ੍ਹਾਂ ਕਿਹਾ ਕਿ ਅਕਾਲੀ ਦਲ ਲੋਕਤੰਤਰ ਦੀ ਰਾਖੀ ਵਾਸਤੇ ਦਿ੍ੜਹੈ ਤੇ ਮੌਜੂਦਾ ਚੋਣਾਂ ਵਿਚ ਲੋਕਤੰਤਰ ਦਾ ਕਤਲ ਕਰਨ ਵਾਲੇ ਵਰੁਣ ਸ਼ਰਮਾ ਸਮੇਤ ਬਾਕੀ ਸਾਰੇ ਪੁਲਿਸ ਅਫ਼ਸਰਾਂ ਨੂੰ ਉਨ੍ਹਾਂ ਦੇ ਗੈਰ ਕਾਨੂੰਨੀ ਤੇ ਗੈਰ ਸੰਵਿਧਾਨਕ ਕੰਮਾਂ ਵਾਸਤੇ ਜੇਲ੍ਹ ਕਰਵਾ ਕੇ ਛੱਡੇਗਾ¢
'ਆਪ' ਸਰਕਾਰ ਨੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਨਾਮਜਦਗੀਆਂ ਵੇਲੇ ਧੱਕਾ ਕਰਕੇ ਲੋਕਤੰਤਰ ਦੀ ਪਿੱਠ 'ਚ ਛੁਰਾ ਮਾਰਿਆ-ਸੁਖਬੀਰ ਸਿੰਘ ਬਾਦਲ
ਅਜੀਤ ਡੈਸਕ
07-12-2025