ਗੋਨਿਆਣਾ, 6 ਦਸੰਬਰ (ਲਛਮਣ ਦਾਸ ਗਰਗ)-ਪੁਲਿਸ ਨੇ ਇਕ ਕਾਰ ਵਿਚ ਸਵਾਰ ਦੋ ਨਸ਼ਾ ਤੱਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋ 1 ਕਿੱਲੋ 500 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ | ਪੁਲਿਸ ਸੂਤਰਾਂ ਅਨੁਸਾਰ ਸੀ.ਆਈ.ਏ. ਸਟਾਫ਼-2 ਬਠਿੰਡਾ ਨੂੰ ਸੂਚਨਾ ਮਿਲੀ ਸੀ ਕਿ ਇਲਾਕੇ ਦੇ ਪਿੰਡ ਜੀਦਾ ਕੋਲ ਕਿਸੇ ਵਹੀਕਲ 'ਤੇ ਸਵਾਰ ਕੁਝ ਨਸ਼ਾ ਤਸਕਰ ਨਸ਼ੇ ਦੀ ਵੱਡੀ ਖੇਪ ਲਈ ਇੱਧਰ ਉਧਰ ਘੁੰਮ ਰਹੇ ਹਨ | ਉਕਤ ਸੂਚਨਾ ਦੇ ਆਧਾਰਿਤ ਜਦੋਂ ਸੀ.ਆਈ.ਏ. ਸਟਾਫ਼-ਬਠਿੰਡਾ ਦੀ ਟੀਮ ਨੇ ਸਹਾਇਕ ਥਾਣੇਦਾਰ ਗੁਰਸੇਵਕ ਸਿੰਘ ਦੀ ਨਿਗਰਾਨੀ ਹੇਠ ਸਪੈਸ਼ਲ ਤੌਰ 'ਤੇ ਉਕਤ ਪਿੰਡ ਕੋਲ ਟਰੈਪ ਲਗਾਕੇ ਜਦੋਂ ਆ ਰਹੀ ਇਕ ਸ਼ੱਕੀ ਕਾਰ ਹੌਂਡਾ ਇਮੇਜ਼ ਨੰਬਰ ਪੀ. ਬੀ-03 ਬੀ-3598 ਵਿਚ ਸਵਾਰ ਦੋ ਵਿਅਕਤੀਆਂ ਦੀ ਚੈਕਿੰਗ ਕੀਤੀ ਗਈ ਤਾਂ ਉਨ੍ਹਾਂ ਕੋਲੋਂ 1 ਕਿੱਲੋ 500 ਗ੍ਰਾਮ ਚਿੱਟਾ ਬਰਾਮਦ ਕੀਤਾ ਗਿਆ | ਉੱਕਤ ਅਫ਼ਸਰ ਨੇ ਅੱਗੇ ਦੱਸਿਆ ਕਿ ਦੋਨੋਂ ਨਸ਼ਾ ਤਸਕਰਾਂ ਦੀ ਪਹਿਚਾਣ ਸੰਦੀਪ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਮੁਲਤਾਨੀਆ ਰੋਡ ਬਠਿੰਡਾ ਅਤੇ ਮਨਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਹਾਜੀਰਤਨ ਬਠਿੰਡਾ ਵਜੋਂ ਕੀਤੀ ਹੈ | ਉੱਕਤ ਹੋਰ ਜਾਣਕਾਰੀ ਦਿੰਦੇ ਹੋਏ ਥਾਣਾ ਨੇਹੀਂਆਂ ਵਾਲਾ ਦੇ ਮੁੱਖ ਅਫ਼ਸਰ ਦਿਲਬਾਗ ਸਿੰਘ ਨੇ ਅੱਗੇ ਦੱਸਿਆ ਕਿ ਉੱਕਤ ਮਾਮਲੇ ਸਬੰਧੀ ਸੰਦੀਪ ਸਿੰਘ ਅਤੇ ਮਨਪ੍ਰੀਤ ਸਿੰਘ ਖ਼ਿਲਾਫ਼ ਥਾਣਾ ਨੇਹੀਂਆਂ ਵਾਲਾ ਵਿਖੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |